ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਮਈ
ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਰਚਾ ਕੀਤੀ ਗਈ। ਇਸ ਮੌਕੇ ਚਿੱਟੀ ਵੇਈਂ ਵਿੱਚ 250 ਕਿਊਸਿਕ ਪਾਣੀ ਛੱਡਣ ’ਤੇ ਜ਼ੋਰ ਦਿੱਤਾ ਗਿਆ। ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਨਿਗਰਾਨ ਕਮੇਟੀ ਦੀ ਮੀਟਿੰਗ ਸੇਵਾਮੁਕਤ ਜਸਟਿਸ ਜਸਵੀਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਦਫ਼ਤਰ ਵਿਚ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਵਾਰ ਵਾਤਾਵਰਨ ਨੂੰ ਸੁਧਾਰਨ ਲਈ ਬਣਾਈਆਂ ਗਈਆਂ ਯੋਜਨਾਵਾਂ ’ਤੇ ਚਰਚਾ ਕੀਤੀ ਗਈ।
ਸੰਤ ਸੀਚੇਵਾਲ ਨੇ ਦੱਸਿਆ ਕਿ ਬਿਸਤ-ਦੋਆਬ ਨਹਿਰ ਵਿੱਚ 1452 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ ਤੇ ਇਸ ਨਹਿਰ ਦਾ ਨੈੱਟਵਰਕ ਸਮੁੱਚੇ ਦੋਆਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ ਪਰ ਇਸ ਨਹਿਰ ਵਿੱਚ ਕਦੇ ਵੀ ਸਮਰੱਥਾ ਅਨੁਸਾਰ ਪਾਣੀ ਨਹੀਂ ਵਗਿਆ, ਜਿਸ ਕਾਰਨ ਦੋਆਬੇ ਦੇ ਚਾਰ ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪਾਣੀ 400 ਫੁੱਟ ਤੱਕ ਡੂੰਘਾ ਚਲਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 300 ਕਰੋੜ ਰੁਪਏ ਖਰਚ ਕੇ ਬਿਸਤ ਦੋਆਬ ਨਹਿਰ ਦੀ ਮੁਰੰਮਤ ਕਰਵਾਈ ਹੈ। ਏਨੇ ਪੈਸੇ ਖਰਚਣ ਦਾ ਤਦ ਹੀ ਲੋਕਾਂ ਨੂੰ ਫਾਇਦਾ ਹੋਵੇਗਾ ਜਦੋਂ ਇਸ ਨਹਿਰ ਵਿਚ ਘੱਟੋ ਘੱਟ ਹਜ਼ਾਰ ਕਿਊਸਿਕ ਪਾਣੀ ਵਗੇ। ਉਨ੍ਹਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਿੰਬਲੀ ਪਿੰਡ ਵਿੱਚ ਬਿਸਤ-ਦੋਆਬ ਨਹਿਰ ਦੇ ਹੇਠੋਂ ਦੀ ਚਿੱਟੀ ਵੇਈਂ ਲੰਘਦੀ ਹੈ, ਜਿਥੇ ਰੈਗੂਲੇਟਰ ਬਣਾ ਕੇ ਪਾਣੀ ਛੱਡਿਆ ਜਾ ਸਕਦਾ ਹੈ। ਇਸ ਨਾਲ ਦੋਆਬੇ ’ਚ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ ਤੇ ਚਿੱਟੀ ਵੇਈਂ ਵਿਚਲਾ ਪ੍ਰਦੂਸ਼ਣ ਵੀ ਖਤਮ ਹੋਵੇਗਾ।
ਉਨ੍ਹਾਂ ਦੱਸਿਆ ਕਿ 165 ਕਿਲੋਮੀਟਰ ਲੰਬੀ ਕਾਲੀ ਵੇਈਂ ਵਿੱਚ ਲਗਾਤਾਰ ਪਾਣੀ ਵਗਣ ਨਾਲ ਕਪੂਰਥਲਾ ਜ਼ਿਲ੍ਹੇ ਵਿੱਚ ਪਾਣੀ ਦਾ ਪੱਧਰ ਢਾਈ ਮੀਟਰ ਤੱਕ ਉੱਚਾ ਹੋਇਆ ਹੈ, ਜਦਕਿ ਸਾਰੇ ਪੰਜਾਬ ਵਿਚ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਹੋ ਤਜਰਬਾ ਚਿੱਟੀ ਵੇਈਂ ਵਿੱਚ ਕਰ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਭਾਖੜਾ ਡੈਮ ਤੋਂ ਸਰਹੰਦ ਨਹਿਰ ਵੀ ਨਿਕਲਦੀ ਹੈ ਤੇ ਸਤਲੁਜ ਦਰਿਆ ਵੀ। ਦੋਵਾਂ ਦਾ ਪਾਣੀ ਨੀਲੇ ਰੰਗ ਦਾ ਸਾਫ਼ ਹੈ ਪਰ ਸਤਲੁਜ ਦਰਿਆ ਦਾ ਪਾਣੀ ਲੁਧਿਆਣੇ ਆ ਕੇ ਕਾਲੇ ਰੰਗ ਦਾ ਹੋ ਜਾਂਦਾ ਹੈ। ਉਨ੍ਹਾਂ ਨੇ ਇਸ ਪਾਣੀ ਨਾਲ ਮਾਲਵੇ ਦੇ ਪਿੰਡਾਂ ’ਚ ਫੈਲੇ ਕੈਂਸਰ ਦਾ ਵੀ ਜ਼ਿਕਰ ਕੀਤਾ।