ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 17 ਜੁਲਾਈ
ਇਥੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਨੇ ਅਪਣੀ ਮਾਣ-ਮੱਤੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦੇ ਹੋਏ ਨੈਸ਼ਨਲ ਇੰਸਚੀਟਿਊਸ਼ਨਲ ਰੈਂਕਿੰਗ ਫਰੇਮਵਰਕ (ਐਨਆਈਆਰਐਫ) 2022 ਦੀ ਸੂਚੀ ਵਿੱਚ 56ਵਾਂ ਸਥਾਨ ਪ੍ਰਾਪਤ ਕੀਤਾ। ਇਹ ਰੈਂਕਿੰਗ ਬੀਤੇ ਦਿਨੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ (ਐੱਮਐੱਚਆਰਡੀ) ਦੇ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਜਾਰੀ ਕੀਤੀ ਗਈ, ਜਿਸ ਵਿੱਚ ਫਾਰਮੇਸੀ ਕਾਲਜ ਬੇਲਾ ਨੇ ਆਪਣੀ ਸਥਿਤੀ ਵਿੱਚ ਪਿਛਲੇ ਸਾਲ 2021 ਨਾਲੋਂ 01 ਸਥਾਨ ਅੱਗੇ ਵਧਦੇ ਹੋਏ 56ਵਾਂ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਦੱਸਿਆ ਕਿ ਸਾਲ 2021 ਵਿੱਚ ਕਾਲਜ ਵਲੋਂ 57ਵਾਂ ਸਥਾਨ ਪ੍ਰਾਪਤ ਕੀਤਾ ਗਿਆ ਸੀ ਪਰ ਹੁਣ ਇਸ ਰੈਂਕਿੰਗ ਪ੍ਰਕਿਰਿਆ ਵਿੱਚ ਪੂਰੇ ਭਾਰਤ ਦੇ 4 ਹਜ਼ਾਰ ਤੋਂ ਵੱਧ ਕਾਲਜਾਂ ਤੇ ਯੂਨੀਵਰਸਿਟੀਆਂ ਨੇ ਭਾਗ ਲਿਆ ਅਤੇ 56ਵਾਂ ਸਥਾਨ ਪ੍ਰਾਪਤ ਕੀਤਾ। ਡਾ. ਸ਼ਰਮਾ ਨੇ ਇਹ ਵੀ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਕੇਵਲ ਦੋ ਹੀ ਸੰਸਥਾਵਾਂ ਨੂੰ ਇਸ ਸੂਚੀ ਵਿੱਚ ਦਰਜ ਕੀਤਾ ਗਿਆ ਹੈ, ਜਿਸ ਵਿੱਚ ਫਾਰਮੇਸੀ ਕਾਲਜ ਬੇਲਾ ਅਤੇ ਇੰਜਨੀਅਰ ਖੇਤਰ ਵਿੱਚ ਆਈਆਈਟੀ ਰੂਪਨਗਰ ਹਨ।