ਕੇਪੀ ਸਿੰਘ
ਗੁਰਦਾਸਪੁਰ, 28 ਅਗਸਤ
ਕਰੋਨਾ ਦੇ ਭੰਨੇ ਪੰਜਾਬ ਦੇ ਖਿਡਾਰੀਆਂ ਲਈ ਇਸ ਸਾਲ ਵੀ 29 ਅਗਸਤ ਦਾ ਰਾਸ਼ਟਰੀ ਖੇਡ ਦਿਵਸ ਵਰਦਾਨ ਸਾਬਿਤ ਨਹੀਂ ਹੋ ਸਕਿਆ। ਲੰਮੇ ਸਮੇਂ ਤੋਂ ਘਰਾਂ ਵਿਚ ਤਾੜੇ ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਮਨਾਏ ਜਾਂਦੇ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਕੋਈ ਐਲਾਨ ਨਾ ਹੋਣ ਕਾਰਨ ਖਿਡਾਰੀਆਂ ਵਿੱਚ ਰੋਸ ਫੈਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਖਿਡਾਰੀਆਂ ਨੇ ਇਸ ਦਿਨ ਤੇ ਆਸਾਂ ਲਾਈਆਂ ਸਨ ਕਿ ਲੌਕਡਾਊਨ ਕਾਰਨ ਆਰਥਿਕ ਮੰਦਹਾਲੀ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਆਰਥਿਕ ਪੈਕੇਜ ਸਰਕਾਰ ਵੱਲੋਂ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਜਾਰੀ ਖੇਡ ਨੀਤੀ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੈਡਲ ਜਿੱਤਣ ’ਤੇ ਮਿਲਦੀ ਇਨਾਮੀ ਰਾਸ਼ੀ ਤਿੰਨ ਕਰੋੜ ਰੁਪਏ ਤੋਂ ਵਧੇਰੇ ਹੈ ਜੋ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਹੀ ਨਹੀਂ ਕੀਤੀ ਗਈ। ਖਿਡਾਰੀਆਂ ਨੂੰ ਉਮੀਦਾਂ ਸਨ ਕਿ ਵੱਖ-ਵੱਖ ਵਿਭਾਗਾਂ ਵਿੱਚ ਖੇਡ ਕੋਟੇ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ ਸਰਕਾਰ ਵੱਲੋਂ ਕੋਈ ਉਪਰਾਲਾ ਕੀਤਾ ਜਾਵੇਗਾ ਪਰ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਬੰਦ ਕਮਰੇ ਵਿੱਚ ਮੇਜਰ ਧਿਆਨ ਚੰਦ ਨੂੰ ਰਸਮੀ ਸ਼ਰਧਾਂਜਲੀ ਭੇਟ ਕਰਨ ਦੀਆਂ ਸੰਭਾਵਨਾਵਾਂ ਬਰਕਰਾਰ ਹਨ ਕਿਉਂਕਿ ਕੋਵਿਡ 19 ਦੌਰਾਨ ਕੋਈ ਵੱਡੇ ਇਕੱਠ ਕਰਨਾ ਸੰਭਵ ਨਹੀਂ । ਇਸ ਦਿਨ ਰਾਸ਼ਟਰਪਤੀ ਭਵਨ ਵਿੱਚ ਵੀ ਰਸਮੀ ਸਮਾਗਮ ਕੀਤਾ ਜਾ ਰਿਹਾ ਹੈ। ਟੋਕੀਓ ਓਲੰਪਿਕ ਖੇਡਾਂ ਵਿੱਚ ਕੁਆਲੀਫ਼ਾਈ ਕਰਨ ਵਾਲੀ ਬਾਕਸਿੰਗ ਖਿਡਾਰਨ ਸਿਮਰਨਜੀਤ ਕੌਰ ਨੇ ਰਾਸ਼ਟਰੀ ਮੀਡੀਆ ਵਿੱਚ ਪੰਜਾਬ ਸਰਕਾਰ ਵੱਲੋਂ ਨੌਕਰੀ ਨਾ ਦੇਣ ਦਾ ਦੋਸ਼ ਲਾ ਕੇ ਪੰਜਾਬ ਸਰਕਾਰ ਦੀ ਨੌਜਵਾਨ ਖਿਡਾਰੀਆਂ ਨੂੰ ਸਨਮਾਨਯੋਗ ਨੌਕਰੀਆਂ ਦੇਣ ਦੇ ਦਾਅਵੇ ਦੀ ਪੋਲ ਖੋਲ੍ਹੀ ਹੈ। ਟੋਕੀਓ ਓਲੰਪਿਕ ਵਿਚ ਕੁਆਲੀਫ਼ਾਈ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਜਸਲੀਨ ਸੈਣੀ ਦੀ ਤ੍ਰਾਸਦੀ ਵੀ ਕੋਈ ਵੱਖਰੀ ਨਹੀਂ ਹੈ। ਕਰੋਨਾ ਕਾਰਨ ਓਲੰਪਿਕ ਖੇਡਾਂ ਅੱਗੇ ਪੈਣ ਕਾਰਨ ਉਸ ਦੀ ਪਿਛਲੇ ਤਿੰਨ ਸਾਲਾਂ ਦੀ ਮਿਹਨਤ ਅਤੇ ਪੈਸਾ ਅਜਾਈਂ ਚਲਿਆ ਗਿਆ ਹੈ। ਜਸਲੀਨ ਸੈਣੀ ਦਾ ਕਹਿਣਾ ਹੈ ਕਿ ਸਰਕਾਰ ਉਸ ਨੂੰ ਉਸ ਦੀ ਤਿੰਨ ਲੱਖ ਰੁਪਏ ਦੀ ਇਨਾਮੀ ਰਾਸ਼ੀ ਹੀ ਜਾਰੀ ਕਰ ਦੇਵੇ ਤਾਂ ਕਿ ਉਹ ਮਿਹਨਤ ਕਰਕੇ ਇਸ ਟੋਕੀਓ ਓਲੰਪਿਕ 2021 ਲਈ ਤਿਆਰੀ ਕਰ ਸਕੇ । ਖੇਡ ਵਿਭਾਗ ਪੰਜਾਬ ਦੇ ਠੇਕੇ ’ਤੇ ਭਰਤੀ ਕੀਤੇ ਕੋਚਾਂ ਨੇ ਖੇਡ ਮੰਤਰੀ ਪੰਜਾਬ ਤੋਂ ਪੱਕੇ ਹੋਣ ਦੀ ਮੰਗ ਨੂੰ ਵੀ ਸਰਕਾਰ ਨੇ ਅੱਖੋਂ ਪਰੋਖੇ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਦੇ ਖੇਡ ਕੋਚਾਂ ਨੂੰ ਸਾਧਾਰਨ ਦਿਹਾੜੀਦਾਰ ਮਜ਼ਦੂਰਾਂ ਤੋਂ ਵੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਪੰਜਾਬ ਦੇ ਖਿਡਾਰੀਆਂ ਪ੍ਰਤੀ ਬੇਰੁਖ਼ੀ ਭਰੇ ਵਤੀਰੇ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਹੈ ਕਿ ਉਹ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਏ ਅਤੇ ਖਿਡਾਰੀਆਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇ। ਖਿਡਾਰੀਆਂ ਲਈ ਇਨਾਮੀ ਰਾਸ਼ੀ, ਖਾਧ ਖ਼ੁਰਾਕ ਖੇਡਾਂ ਦਾ ਸਾਮਾਨ ਅਤੇ ਰੈਗੂਲਰ ਕੋਚਾਂ ਦੀ ਭਰਤੀ ਕੀਤੀ ਜਾਵੇ।