ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਆਰਜ਼ੀ ਮੁੱਖ ਮੰਤਰੀ ਹੈ, ਜੇਕਰ ਕਾਂਗਰਸ ਵਿਚ ਹਿੰਮਤ ਹੈ ਤਾਂ ਉਹ ਅਗਲੇ ਮੁੱਖ ਮੰਤਰੀ ਦਾ ਚਿਹਰਾ ਚੰਨੀ ਨੂੰ ਐਲਾਨ ਕੇ ਚੋਣ ਲੜੇ ਪਰ ਕਾਂਗਰਸ ਅਜਿਹਾ ਨਹੀਂ ਕਰੇਗੀ ਕਿਉਂਕਿ ਇਹ ਸਾਰੀ ਸਿਆਸਤ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਲਈ ਖੇਡੀ ਗਈ ਹੈ ਜਿਸ ਬਾਰੇ ਪੰਜਾਬ ਦਾ ਦਲਿਤ ਭਾਈਚਾਰਾ ਭਲੀ-ਭਾਂਤ ਜਾਣੂ ਹੋ ਗਿਆ ਹੈ। ਸ੍ਰੀ ਬਾਦਲ ਅੱਜ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਪੱਖ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਚਾਰ ਕਰਨ ਲਈ ਤਿਆਰ ਹਨ। ਇਸ ਵੇਲੇ ਪੰਜਾਬ ਦੇ ਕਾਂਗਰਸੀ ਆਗੂ ਗਾਂਧੀ ਪਰਿਵਾਰ ਦੀਆਂ ਕਠਪੁਤਲੀਆਂ ਹਨ, ਜਿਵੇਂ ਉਹ ਨਚਾਉਂਦੇ ਹਨ ਇਹ ਨੱਚੀ ਜਾਂਦੇ ਹਨ। ਨਵਜੋਤ ਸਿੱਧੂ ਨਹੀਂ ਚਾਹੁੰਦਾ ਕਿ ਚੰਨੀ ਦੀ ਤਾਰੀਫ਼ ਹੋਵੇ, ਇਸ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲੱਗਾ ਹੈ, ਦੂਜੇ ਪਾਸੇ 26 ਹਜ਼ਾਰ ਕਰੋੜ ਦੇ ਫੋਕੇ ਐਲਾਨ ਕਰਨ ਵਾਲੀ ਚੰਨੀ ਸਰਕਾਰ ਦੇ ਖ਼ਜ਼ਾਨੇ ਵਿੱਚ 26 ਕਰੋੜ ਵੀ ਨਹੀਂ ਹਨ, ਜਿਸ ਤੋਂ ਸਪਸ਼ਟ ਹੈ ਕਿ ਚੰਨੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲੱਗਿਆ ਹੈ ਤੇ ਇਹੀ ਸਾਢੇ ਚਾਰ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਕਰਦਾ ਰਿਹਾ ਹੈ। ਸ੍ਰੀ ਬਾਦਲ ਨੇ ਆਖਿਆ ਕਿ ਚੰਨੀ ਅਤੇ ਕੇਜਰੀਵਾਲ ਦੋ ਸਭ ਤੋਂ ਵੱਡੇ ਡਰਾਮੇਬਾਜ਼ ਹਨ, ਜਿਹੜੇ ਲੋਕਾਂ ਨੂੰ ਸਿਰਫ਼ ਮੂਰਖ ਬਣਾ ਰਹੇ ਹਨ।
ਅਕਾਲੀ ਦਲ ਨੂੰ ਲੋਕ ਹਿਤੈਸ਼ੀ ਪਾਰਟੀ ਦੱਸਿਆ
ਨਾਭਾ (ਜੈਸਮੀਨ ਭਾਰਦਵਾਜ): ਇਥੋਂ ਦੀ ਅਨਾਜ ਮੰਡੀ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਵੱਧ ਲੋਕ ਹਿਤੈਸ਼ੀ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ ਹੋਰ ਸਭ ਪਾਰਟੀਆਂ ਦੇ ‘ਬੌਸ’ ਦਿੱਲੀ ਬੈਠੇ ਹਨ ਅਤੇ ਇੱਥੇ ਉਨ੍ਹਾਂ ਪਾਰਟੀਆਂ ਦੇ ਆਗੂ ਆਪਣੇ ਦਿੱਲੀ ਦੇ ਬੌਸ ਅੱਗੇ ਪੰਜਾਬ ਦੇ ਹਿੱਤਾਂ ਲਈ ਆਵਾਜ਼ ਨਹੀਂ ਚੁੱਕ ਸਕਦੇ। ਸੁਖਬੀਰ ਬਾਦਲ ਨੇ ਸਾਧੂ ਸਿੰਘ ਧਰਮਸੋਤ ਉੱਪਰ ਵਜ਼ੀਫੇ ਘੁਟਾਲੇ ਦੇ ਦੋਸ਼ ਲਾਏ ਅਤੇ ਨਾਭਾ ਹਲਕੇ ਦੀ ਮੰਦਹਾਲੀ ਲਈ ਵੀ ਕਸੂਰਵਾਰ ਠਹਿਰਾਇਆ।
ਸੁਖਬੀਰ ਵੱਲੋਂ ਇਤਿਹਾਸਕ ਜਿੱਤ ਲਈ ਕਿਸਾਨਾਂ ਨੂੰ ਵਧਾਈ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਅੰਦੋਲਨ ਦੀ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਤੇ ਕਿਹਾ ਕਿ ਕਿਸਾਨਾਂ ਨੇ ਨਾ ਸਿਰਫ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਬਲਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਇਕ ਕਾਨੂੰਨੀ ਅਧਿਕਾਰ ਬਣਾਉਣ ਦਾ ਰਾਹ ਵੀ ਪੱਧਰਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਹੋਈ ਜਿੱਤ ਦੇਸ਼ ਦੇ ਸਾਰੇ ਕਿਸਾਨਾਂ ਦੀ ਜਿੱਤ ਹੈ।