ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਦਸੰਬਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਦੇ ਬੈਨਰ ਹੇਠ ਹਲਕਾ ਬਠਿੰਡਾ ਦਿਹਾਤੀ ’ਚ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣਗੇ। ਨਵਜੋਤ ਸਿੱਧੂ ਨੇ ਖੁਦ ਇਸ ਰੈਲੀ ਦਾ ਪੋਸਟਰ ‘ਐਕਸ’ ’ਤੇ ਸਾਂਝਾ ਕੀਤਾ ਹੈ। ਇਹ ਰੈਲੀ 7 ਜਨਵਰੀ ਨੂੰ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟਸ਼ਮੀਰ ਵਿੱਚ ਹੋ ਰਹੀ ਹੈ। ਇਸ ਤੋਂ ਪਹਿਲਾਂ ਪਿੰਡ ਮਹਿਰਾਜ ਵਿੱਚ ਰੈਲੀ ਹੋਈ ਸੀ, ਜਿਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਵੱਖਰਾ ਅਖਾੜਾ ਨਾ ਲਾਉਣ ਦੀ ਨਸੀਹਤ ਦਿੱਤੀ ਸੀ।
ਇਹ ਮੁੱਦਾ ਇੰਨਾ ਭਖ ਗਿਆ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਿਨਾਂ ਨਾਮ ਲਿਆਂ ਆਖ ਦਿੱਤਾ ਸੀ ਕਿ ਕਿਸੇ ਨੇ ਵੀ ਅਨੁਸ਼ਾਸਨ ਭੰਗ ਕੀਤਾ ਤਾਂ ਕਾਰਵਾਈ ਹੋਵੇਗੀ। ਉਪਰੋਂ, ਕਾਂਗਰਸ ਹਾਈਕਮਾਨ ਨੇ ਵੀ ਅਨੁਸ਼ਾਸਨ ਕਾਇਮ ਰੱਖਣ ਦੀ ਨਸੀਹਤ ਦਿੱਤੀ ਸੀ।
ਇਸ ਤੋਂ ਪਹਿਲਾਂ ਕਿ ਵਿਵਾਦ ਠੰਢਾ ਪੈਂਦਾ, ਨਵਜੋਤ ਸਿੱਧੂ ਨੇ ਦੂਸਰੀ ਰੈਲੀ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਪ੍ਰਬੰਧਕ ਹਲਕਾ ਦਿਹਾਤੀ ਬਠਿੰਡਾ ਤੋਂ ਚੋਣ ਲੜਨ ਵਾਲਾ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਹੈ। ਇਸ ਰੈਲੀ ਦੇ ਪੋਸਟਰ ਵਿੱਚ ਹਾਈਕਮਾਨ ਤੋਂ ਇਲਾਵਾ ਸੂਬਾਈ ਕਾਂਗਰਸ ਇੰਚਾਰਜ ਦਵੇਂਦਰ ਯਾਦਵ ਅਤੇ ਰਾਜਾ ਵੜਿੰਗ ਦੀਆਂ ਤਸਵੀਰਾਂ ਤਾਂ ਹਨ, ਪਰ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਨੂੰ ਪੋਸਟਰ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ ਹੈ।
ਸ੍ਰੀ ਸਿੱਧੂ ਦਾ ਤਰਕ ਹੈ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਨੁਸ਼ਾਸਨਹੀਣਤਾ ਨਹੀਂ ਹੈ। ਦੂਸਰੀ ਤਰਫ ਕਾਂਗਰਸ ਪਾਰਟੀ ਵੱਲੋਂ ਜਨਵਰੀ ਦੇ ਪਹਿਲੇ ਹਫਤੇ ਮੁਹਾਲੀ ਤੇ ਰੂਪਨਗਰ ਵਿੱਚ ਰੈਲੀਆਂ ਕਰਨ ਦਾ ਪ੍ਰੋਗਰਾਮ ਹੈ। ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਹਾਈਕਮਾਨ ਵੱਲੋਂ ਕਹੀ ਜ਼ਾਬਤੇ ਦੀ ਗੱਲ ਕਿੰਨੀ ਕੁ ਮੰਨਦੇ ਹਨ। ਦੋ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਇਹ ਜ਼ਰੂਰ ਕਿਹਾ ਸੀ ਕਿ ਕੁੱਝ ਆਗੂ ਉਸ ਨੂੰ ਚੁੱਪ ਕਰਾ ਕੇ ਘਰੇ ਬਿਠਾਉਣਾ ਚਾਹੁੰਦੇ ਹਨ।
ਪਟਿਆਲਾ (ਪੱਤਰ ਪ੍ਰੇਰਕ): ਨਵਜੋਤ ਸਿੱਧੂ ਨੇ ਅੱਜ ਇਥੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੌਕੇ ਪਾਰਟੀ ਦੀ ਮੁਲਾਜ਼ਮ ਜਥੇਬੰਦੀ ਇੰਟਕ ਦਾ ਕੈਲੰਡਰ ਜਾਰੀ ਕੀਤਾ। ਇਸ ਮੌਕੇ ਨਵਜੋਤ ਸਿੱਧੂ ਨੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ 7 ਜਨਵਰੀ ਨੂੰ ਹੋਣ ਵਾਲੀ ਰੈਲੀ ਸਬੰਧੀ ਵਿਚਾਰਾਂ ਵੀ ਕੀਤੀਆਂ।
ਵਿਆਹ ਦੀ ਵਰ੍ਹੇਗੰਢ ਮੌਕੇ ਪਤਨੀ ਲਈ ਭਾਵੁਕ ਨੋਟ ਸਾਂਝਾ ਕੀਤਾ
ਪਟਿਆਲਾ (ਪੱਤਰ ਪ੍ਰੇਰਕ): ਨਵਜੋਤ ਸਿੰਘ ਸਿੱਧੂ ਨੇ ਅੱਜ ਡਾ. ਨਵਜੋਤ ਕੌਰ ਸਿੱਧੂ ਨਾਲ ਆਪਣੇ ਵਿਆਹ ਦੇ 36 ਵਰ੍ਹੇ ਮੁਕੰਮਲ ਹੋਣ ਦੀ ਖੁਸ਼ੀ ਮਨਾਉਂਦਿਆਂ ਪਤਨੀ ਲਈ ਇੱਕ ਭਾਵੁਕ ਨੋਟ ਸਾਂਝਾ ਕੀਤਾ। ਅੱਜ ਵਿਆਹ ਨੂੰ 36 ਵਰ੍ਹੇ ਮੁਕੰਮਲ ਹੋਣ ’ਤੇ ਉਨ੍ਹਾਂ ਕਿਹਾ, ‘ਦੁਨੀਆ ਲਈ ਤੁਸੀਂ ਇੱਕ ਵਿਅਕਤੀ ਹੋ, ਪਰ ਮੇਰੇ ਲਈ ਤੁਸੀ ਪੂਰੀ ਦੁਨੀਆ ਹੋ, ਤੁਹਾਡੇ ਪਿਆਰ ਸਦਕਾ 36 ਸਾਲ ਬੀਤ ਗਏ ਹਨ। ਕਾਸ਼! ਮੈਂ ਦੁਨੀਆ ਵਿੱਚੋਂ ਤੁਹਾਡੇ ਤੋਂ ਪਹਿਲਾਂ ਚਲਾ ਜਾਵਾਂ ਕਿਉਂਕਿ ਮੈਨੂੰ ਨਹੀਂ ਪਤਾ ਕਿ ਤੁਹਾਡੇ ਬਿਨਾਂ ਮੈਂ ਕਿਵੇਂ ਜੀਵਾਂਗਾ’।