ਚਰਨਜੀਤ ਭੁੱਲਰ
ਚੰਡੀਗੜ੍ਹ, 28 ਸਤੰਬਰ
ਮੁੱਖ ਅੰਸ਼
- ਸਿੱਧੂ ਨੂੰ ਮਨਾਉਣ ਲਈ ਪਟਿਆਲਾ ਪੁੱਜੇ ਪਰਗਟ ਸਿੰਘ
- ਅਹਿਮ ਨਿਯੁਕਤੀਆਂ ਬਾਰੇ ਮੁੜ ਵਿਚਾਰ ਕੀਤੇ ਜਾਣ ਦਾ ਦਾਅਵਾ
- ਸੁਲਤਾਨਾ ਅਤੇ ਮੁਸਤਫ਼ਾ ਵੀ ਸਿੱਧੂ ਨੂੰ ਮਿਲੇ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੇਂ ਵਜ਼ੀਰਾਂ ਵੱਲੋਂ ਮਹਿਕਮੇ ਸੰਭਾਲੇ ਜਾਣ ਮੌਕੇ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਦੇ ਅਸਤੀਫ਼ੇ ਨਾਲ ਪੰਜਾਬ ਕਾਂਗਰਸ ’ਚ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ, ਜੋ ਨਵੀਂ ਵਜ਼ਾਰਤ ਦੇ ਹਲਫ਼ ਲੈਣ ਨਾਲ ਮੱਠਾ ਪੈ ਗਿਆ ਜਾਪਦਾ ਸੀ। ਨਵਜੋਤ ਸਿੱਧੂ ਨੇ ਪ੍ਰਧਾਨਗੀ ਸੰਭਾਲਣ ਤੋਂ 72 ਦਿਨਾਂ ਮਗਰੋਂ ਅੱਜ ਉਦੋਂ ਅਸਤੀਫ਼ਾ ਦੇ ਦਿੱਤਾ ਹੈ ਜਦੋਂ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫ਼ਤੇ ’ਚ ਸਿਆਸੀ ਪੈਰ ਜਮਾਉਣੇ ਸ਼ੁਰੂ ਕੀਤੇ ਸਨ। ਸਿੱਧੂ ਦੀ ਹਮਾਇਤ ’ਚ ਮੰਤਰੀ ਰਜ਼ੀਆ ਸੁਲਤਾਨਾ, ਕਾਂਗਰਸ ਦੇ ਨਵੇਂ ਖ਼ਜ਼ਾਨਚੀ ਗੁਲਜ਼ਾਰ ਇੰਦਰ ਸਿੰਘ ਚਾਹਿਲ ਤੇ ਪੰਜਾਬ ਕਾਂਗਰਸ ਦੇ ਨਵੇਂ ਜਨਰਲ ਸਕੱਤਰ ਥਾਪੇ ਯੋਗੇਂਦਰ ਢੀਂਗਰਾ ਨੇ ਵੀ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇਸੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਭਲਕੇ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਸੱਦ ਲਈ ਹੈ। ਇਨ੍ਹਾਂ ਲੜੀਵਾਰ ਅਸਤੀਫ਼ਿਆਂ ਨਾਲ ਪੰਜਾਬ ਕਾਂਗਰਸ ਦੀ ਸਿਆਸਤ ’ਚ ਇਕਦਮ ਤੂਫ਼ਾਨ ਖੜ੍ਹਾ ਹੋ ਗਿਆ ਹੈ। ਖ਼ਾਸ ਕਰਕੇ ਨਵਜੋਤ ਸਿੱਧੂ ਦੇ ਅਸਤੀਫ਼ੇ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਲਈ ਨਵਾਂ ਰਾਜਸੀ ਸੰਕਟ ਖੜ੍ਹਾ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਅੱਜ ਦੁਪਹਿਰ ਵੇਲੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ’ਚ ਲਿਖਿਆ ‘ਮੈਂ ਪੰਜਾਬ ਦੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ ਕਿਉਂਕਿ ਸਮਝੌਤੇ ਨਾਲ ਇਨਸਾਨ ਦਾ ਚਰਿੱਤਰ ਖੁਰਦਾ ਹੈ, ਇਸ ਲਈ ਮੈਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਛੱਡਦਾ ਹਾਂ, ਕਾਂਗਰਸ ਦੀ ਸੇਵਾ ਅੱਗੇ ਵੀ ਕਰਦਾ ਰਹਾਂਗਾ।’’ ਨਵਜੋਤ ਸਿੱਧੂ ਨੇ 18 ਜੁਲਾਈ ਨੂੰ ਪ੍ਰਧਾਨਗੀ ਸੰਭਾਲਣ ਮੌਕੇ 15 ਅਗਸਤ ਤੋਂ ਕਾਂਗਰਸ ਭਵਨ ’ਚ ਬਿਸਤਰਾ ਲਾਉਣ ਦੀ ਗੱਲ ਆਖੀ ਸੀ। ਸਿਆਸੀ ਹਲਕੇ ਹੈਰਾਨ ਹਨ ਕਿ ਚੰਨੀ ਦੇ ਬਤੌਰ ਮੁੱਖ ਮੰਤਰੀ ਇੱਕ ਹਫ਼ਤਾ ਬੀਤਣ ਮਗਰੋਂ ਹੀ ਨਵਜੋਤ ਸਿੱਧੂ ਨੇ ਅਸਤੀਫ਼ੇ ਵਰਗਾ ਕਦਮ ਚੁੱਕ ਲਿਆ ਹੈ। ਸੂਤਰਾਂ ਅਨੁਸਾਰ ਅਸਤੀਫ਼ੇ ਦੀ ਤਾਜ਼ਾ ਵਜ੍ਹਾ ਵਜ਼ੀਰਾਂ ਦੀ ਮਹਿਕਮਿਆਂ ਨੂੰ ਕੀਤੀ ਵੰਡ ਬਣੀ ਹੈ ਕਿਉਂਕਿ ਵਿਭਾਗੀ ਵੰਡ ਹੋਣ ਮਗਰੋਂ ਹੀ ਨਵਜੋਤ ਸਿੱਧੂ ਨੇ ਇਹ ਕਦਮ ਚੁੱਕਿਆ ਹੈ। ਚਰਚੇ ਹਨ ਕਿ ਨਵਜੋਤ ਸਿੱਧੂ ਗ੍ਰਹਿ ਵਿਭਾਗ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਂਪੇ ਜਾਣ ਤੋਂ ਨਾਰਾਜ਼ ਹਨ ਅਤੇ ਉਪਰੋਂ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ ਵਿਭਾਗ ਮੁੜ ਦਿੱਤੇ ਜਾਣ ਤੋਂ ਔਖੇ ਹਨ। ਰਾਣਾ ਗੁਰਜੀਤ ਦੀ ਕੈਬਨਿਟ ’ਚ ਸ਼ਮੂਲੀਅਤ ਦੇ ਵੀ ਸਿੱਧੂ ਖ਼ਿਲਾਫ਼ ਸਨ। ਨਵਜੋਤ ਸਿੱਧੂ ਦੀ ਸਿਆਸੀ ਔਖ ਦਾ ਮੁੱਢ ਮੁੱਖ ਮੰਤਰੀ ਚੰਨੀ ਵੱਲੋਂ ਸਿੱਧੂ ਦੀ ਸਲਾਹ ਤੋਂ ਬਿਨਾਂ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਨ ਤੋਂ ਹੀ ਬੱਝ ਗਿਆ ਸੀ। ਸੂਤਰਾਂ ਅਨੁਸਾਰ ਸਿੱਧੂ ਦਾ ਤਰਕ ਹੈ ਕਿ ਅਜਿਹੇ ਸ਼ਖ਼ਸ ਨੂੰ ਡੀਜੀਪੀ ਲਾਇਆ ਗਿਆ ਹੈ ਜਿਸ ਦੀ ਅਗਵਾਈ ਵਿਚ ਬਰਗਾੜੀ ਕਾਂਡ ਵਿਚ ਪਹਿਲੀ ‘ਸਿਟ’ ਬਣੀ ਸੀ ਅਤੇ ਦੋ ਨੌਜਵਾਨਾਂ ਨੂੰ ਨਿਹੱਥੇ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਸਿੱਧੂ ਅੰਦਰੋਂ ਇਸ ਗੱਲੋਂ ਵੀ ਔਖੇ ਸਨ ਕਿ ਪੰਜਾਬ ਦਾ ਐਡਵੋਕੇਟ ਜਨਰਲ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਨੂੰ ਬਣਾਇਆ ਗਿਆ ਹੈ। ਨਵਜੋਤ ਸਿੱਧੂ ਆਪਣੀ ਪਸੰਦ ਦਾ ਐਡਵੋਕੇਟ ਜਨਰਲ ਨਿਯੁਕਤ ਕਰਾਉਣਾ ਚਾਹੁੰਦੇ ਸਨ, ਪਰ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਉਪਰੋਂ ਨਵਜੋਤ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਵੀ ਅੰਦਰੋਂ-ਅੰਦਰੀ ਆਪਣੇ ਸਿਆਸੀ ਪੱਤੇ ਚੱਲ ਰਹੇ ਹਨ। ਮੁਸਤਫ਼ਾ ਦੀ ਪਸੰਦ ਦਾ ਡੀਜੀਪੀ ਵੀ ਮੁੱਖ ਮੰਤਰੀ ਨੇ ਨਹੀਂ ਲਾਇਆ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫ਼ਾ ਨੇ ਸਿੱਧੂ ਨਾਲ ਪਟਿਆਲਾ ਵਿਖੇ ਮੁਲਾਕਾਤ ਕੀਤੀ। ਉਸ ਮੁਲਾਕਾਤ ਪਿੱਛੋਂ ਹੀ ਰਜ਼ੀਆ ਸੁਲਤਾਨਾ ਨੇ ਅਸਤੀਫ਼ਾ ਦਿੱਤਾ। ਦੂਸਰੀ ਤਰਫ਼ ਕਾਂਗਰਸੀ ਵਰਕਰ ਤੇ ਆਗੂ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚੰਨੀ ਨੂੰ ਲਾਏ ਜਾਣ ਮਗਰੋਂ ਬਣੀ ਸਿਆਸੀ ਖੇਡ ਦੇ ਰੰਗ ਵਿਚ ਭੰਗ ਪਾ ਦਿੱਤਾ ਹੈ। ਅਸਤੀਫ਼ੇ ਨਾਲ ਆਮ ਲੋਕਾਂ ਵਿੱਚ ਸਿੱਧੂ ਬਾਰੇ ਇਹੀ ਪ੍ਰਭਾਵ ਗਿਆ ਹੈ ਕਿ ਉਹ ਕਿਸੇ ਨਾਲ ਵੀ ਕਦਮ ਮਿਲਾ ਕੇ ਨਹੀਂ ਚੱਲ ਸਕਦੇ। ਟਕਸਾਲੀ ਕਾਂਗਰਸੀ ਆਗੂ ਆਖ ਰਹੇ ਹਨ ਕਿ ਨਵਜੋਤ ਸਿੱਧੂ ਤਾਂ ਵਿਰੋਧੀ ਧਿਰਾਂ ਨਾਲੋਂ ਵੀ ਕਾਹਲੇ ਨਿਕਲੇ ਜਿਨ੍ਹਾਂ ਚੰਨੀ ਦੀ ਵਜ਼ਾਰਤ ਨੂੰ ਕਾਰਗੁਜ਼ਾਰੀ ਦਿਖਾਉਣ ਲਈ ਦਸ ਦਿਨਾਂ ਦਾ ਸਮਾਂ ਵੀ ਨਹੀਂ ਦਿੱਤਾ। ਹਾਈਕਮਾਨ ਇਸ ਮੌਕੇ ਨਵਜੋਤ ਸਿੱਧੂ ਨੂੰ ਲੈ ਕੇ ਹਰਕਤ ਵਿਚ ਤਾਂ ਹੈ, ਪਰ ਫ਼ਿਲਹਾਲ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਆਪਣੇ ਪੱਧਰ ’ਤੇ ਮਸਲਾ ਨਜਿੱਠਣ ਲਈ ਆਖ ਦਿੱਤਾ ਹੈ। ਸੀਨੀਅਰ ਆਗੂਆਂ ਵੱਲੋਂ ਨਵਜੋਤ ਸਿੱਧੂ ਨੂੰ ਠੰਢਾ ਕਰਨ ਲਈ ਪੇਸ਼ਕਦਮੀ ਤੇ ਸਿਆਸੀ ਲਿਪਾਪੋਚੀ ਜਾਰੀ ਹੈ। ਇਸ ਦੌਰਾਨ ਪਰਗਟ ਸਿੰਘ ਦੇ ਅਸਤੀਫ਼ੇ ਦੇ ਵੀ ਚਰਚੇ ਚੱਲੇ ਸਨ, ਪਰ ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਹੈ। ਇਹ ਵੀ ਚਰਚੇ ਹਨ ਕਿ ਨਵਜੋਤ ਸਿੱਧੂ ਨੂੰ ਮਨਾਉਣ ਲਈ ਅਹਿਮ ਨਿਯੁਕਤੀਆਂ ਬਾਰੇ ਮੁੜ ਵਿਚਾਰ ਹੋ ਸਕਦੀ ਹੈ।
ਅਸਤੀਫ਼ੇ ਤੋਂ ਰਾਹੁਲ-ਪ੍ਰਿਯੰਕਾ ਨਮੋਸ਼ੀ ’ਚ
ਨਵਜੋਤ ਸਿੱਧੂ ਵੱਲੋਂ ਚਾਣਚੱਕ ਦਿੱਤੇ ਅਸਤੀਫ਼ੇ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਕਾਫ਼ੀ ਨਮੋਸ਼ੀ ਵਿਚ ਹਨ, ਕਿਉਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਡਟਵਾਂ ਸਟੈਂਡ ਲੈ ਕੇ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਸੀ। ਇਕ ਸੀਨੀਅਰ ਕਾਂਗਰਸੀ ਆਗੂ ਨੇ ਨਾਮ ਗੁਪਤ ਰੱਖਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਵਿਸ਼ਵਾਸਘਾਤ ਕੀਤਾ ਹੈ ਜਦੋਂ ਕਿ ਪੰਜਾਬੀਆਂ ਦੀ ਪਛਾਣ ਹੀ ਭਰੋਸਾ ਹੈ। ਅਮਰਿੰਦਰ ਤਾਂ ਪਹਿਲਾਂ ਹੀ ਰਾਹੁਲ ਤੇ ਪ੍ਰਿਯੰਕਾ ਨੂੰ ਅਨਾੜੀ ਆਖ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਨਾਅਰਾ ਹੁਣ ‘ਠੋਕੋ ਤਾਲੀ’ ਹੋਣਾ ਚਾਹੀਦਾ ਹੈ ਕਿਉਂਕਿ ਸਿੱਧੂ ਦੇ ਅਸਤੀਫ਼ੇ ’ਚ ਪੰਜਾਬ ਕਾਂਗਰਸ ਦਾ ਵੱਡਾ ਭਲਾ ਹੈ। ਆਗੂ ਨੇ ਕਿਹਾ ਕਿ ਸਿੱਧੂ ਨੂੰ ਹੁਣ ਮਨਾਉਣਾ ਨਹੀਂ ਚਾਹੀਦਾ ਹੈ।
ਨਵਜੋਤ ਸਿੱਧੂ ਦੀ ਕਾਹਲ ਦਾ ਰਾਜ਼!
ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਉਦੋਂ ਹੀ ਉੱਖੜੇ ਮਹਿਸੂਸ ਕਰਨ ਲੱਗੇ ਸਨ ਜਦੋਂ ਬਾਗ਼ੀ ਧੜੇ ਨੇ ਅਮਰਿੰਦਰ ਨੂੰ ਤਬਦੀਲ ਕਰਨ ਦੀ ਮੰਗ ਰੱਖ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਸਿੱਧੂ ਚਾਹੁੰਦੇ ਸਨ ਕਿ ਅਮਰਿੰਦਰ ਬਣੇ ਰਹਿਣ ਅਤੇ ਉਹ ਅਮਰਿੰਦਰ ’ਤੇ ਹੱਲੇ ਬੋਲਦੇ ਰਹਿਣ। ਆਗਾਮੀ ਚੋਣਾਂ ’ਚ ਉਹ (ਸਿੱਧੂ) ਮੁੱਖ ਮੰਤਰੀ ਦਾ ਚਿਹਰਾ ਬਣਨ। ਜਦੋਂ ਹਾਈਕਮਾਨ ਨੇ ਮੁੱਖ ਮੰਤਰੀ ਤੋਂ ਅਸਤੀਫ਼ਾ ਲੈ ਲਿਆ ਤਾਂ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਆ ਗਏ। ਨਵਜੋਤ ਸਿੱਧੂ ਨੇ ਸਿਆਸੀ ਪੈਂਤੜਾ ਖੇਡਦਿਆਂ ਚਰਨਜੀਤ ਚੰਨੀ ਦੀ ਹਮਾਇਤ ਕਰ ਦਿੱਤੀ। ਜਦੋਂ ਹਾਈਕਮਾਨ ਨੂੰ ਇਹ ਸਿਆਸੀ ਪੈਂਤੜਾ ਰਾਸ ਆ ਗਿਆ ਅਤੇ ਚੰਨੀ ਦੀ ਪਹਿਲੇ ਹਫ਼ਤੇ ਭੱਲ ਬਣਨੀ ਸ਼ੁਰੂ ਹੋ ਗਈ ਤਾਂ ਨਵਜੋਤ ਸਿੱਧੂ ਨੂੰ ਆਪਣੇ ਸਿਆਸੀ ਰਾਹਾਂ ’ਚ ਕੰਢੇ ਦਿਖਣ ਲੱਗੇ। ਸਿੱਧੂ ਵੱਲੋਂ ਡੀਜੀਪੀ ਅਤੇ ਐਡਵੋਕੇਟ ਜਨਰਲ ਜੋ ਖ਼ਿਲਾਫ਼ ਤਰਕ ਦਿੱਤਾ ਜਾ ਰਿਹਾ ਹੈ, ਉਹ ਇਖ਼ਲਾਕੀ ਤੌਰ ’ਤੇ ਭਾਵੇਂ ਠੀਕ ਹੈ, ਪਰ ਨਵਜੋਤ ਸਿੱਧੂ ਇਸ ਅਸਤੀਫ਼ੇ ਨਾਲ ਆਪਣੇ ਅੰਦਰ ਦੀ ਸਿਆਸੀ ਮਨਸ਼ਾ ਛੁਪਾ ਨਹੀਂ ਸਕੇ।
ਅਸਤੀਫ਼ੇ ’ਤੇ ਸਿਆਸੀ ਵਿਅੰਗ ਕਸੇ
ਸੀਨੀਅਰ ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਕੁਲਦੀਪ ਮਾਣਕ ਦੇ ਗਾਣੇ ਦੇ ਬੋਲ ਟਵੀਟ ਕੀਤੇ ਹਨ, ‘‘ਚੜ੍ਹਦੇ ਮਿਰਜ਼ੇ ਖ਼ਾਨ ਨੂੰ, ਵੱਡੀ ਭਾਬੀ ਦਿੰਦੀ ਮੱਤ, ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ, ਹੱਸ ਹੱਸ ਲਾਉਂਦੇ ਯਾਰੀਆਂ ਤੇ ਰੋ ਰੋ ਦੇਣ ਛੱਡ’’ ਨਾਲ ਹੀ ਲਿਖਿਆ ਹੈ ਕਿ ‘ਮੇਰਾ ਪੰਜਾਬ ਸਦਾ ਹੱਸਦਾ ਵੱਸਦਾ ਰਹੇ।’ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕੀਤਾ ਹੈ ‘‘ਜਿਸ ਦੀ ਫ਼ਿਤਰਤ ਹੀ ਡਸਣਾ ਹੋਵੇ, ਉਹ ਤਾਂ ਡੱਸੇਗਾ ਹੀ, ਸੋਚਣਾ ਬੰਦ ਕਰੋ।’’’
ਸਿੱਧੂ ਦੀ ਨਾਰਾਜ਼ਗੀ ਦੂਰ ਕਰਾਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਉਨ੍ਹਾਂ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਚੰਗੇ ਲੀਡਰ ਹਨ ਅਤੇ ਉਹ ਸਿੱਧੂ ਨਾਲ ਬੈਠ ਕੇ ਗੱਲ ਕਰਨਗੇ ਅਤੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇਗੀ। ਚੰਨੀ ਨੇ ਕਿਹਾ ਕਿ ਜਦੋਂ ਬੈਠਾਂਗੇ ਤਾਂ ਮਸਲਾ ਸੁਲਝਾ ਲਵਾਂਗੇ। ਉਨ੍ਹਾਂ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਹੀ ਦੱਸਿਆ।
ਹਾਈਕਮਾਨ ਫੌਰੀ ਅਸਤੀਫ਼ਾ ਪ੍ਰਵਾਨ ਕਰੇ: ਅਮਰਿੰਦਰ
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਤੁਰੰਤ ਪ੍ਰਵਾਨ ਕੀਤਾ ਜਾਵੇ ਅਤੇ ਕਿਸੇ ਸਮਰੱਥ ਵਿਅਕਤੀ ਨੂੰ ਪ੍ਰਧਾਨ ਲਾਇਆ ਜਾਵੇ। ਅਮਰਿੰਦਰ ਨੇ ਜਾਖੜ ਨੂੰ ਇਸ ਅਹੁਦੇ ਲਈ ਯੋਗ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕੋਈ ਸਿਧਾਂਤ ਨਹੀਂ ਹਨ ਅਤੇ ਉਹ ਆਉਂਦੇ ਦਿਨਾਂ ਵਿਚ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾ ਲਵੇਗਾ। ਕੈਪਟਨ ਨੇ ਕਿਹਾ ਕਿ ਸਿੱਧੂ ਕੁਝ ਵਜ਼ੀਰਾਂ ਨੂੰ ਕੁਰਸੀ ਮਿਲਣ ਤੋਂ ਔਖਾ ਹੈ ਅਤੇ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦਾ ਹੈ ਜਦੋਂ ਕਿ ਵਜ਼ੀਰ ਬਣਾਉਣਾ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ। ਇਸ ਤੋਂ ਪਹਿਲਾਂ ਅਮਰਿੰਦਰ ਨੇ ਇਕ ਟਵੀਟ ਵਿੱਚ ਕਿਹਾ, ‘‘ਮੈਂ ਪਹਿਲਾਂ ਹੀ ਕਿਹਾ ਸੀ ਕਿ ਨਵਜੋਤ ਸਿੱਧੂ ਸਥਿਰ ਵਿਅਕਤੀ ਨਹੀਂ ਹੈ ਅਤੇ ਉਹ ਸਰਹੱਦੀ ਸੂਬੇ ਦੇ ਅਨੁਕੂਲ ਨਹੀਂ ਹੈ।’’
ਸਿੱਧੂ ਇਕ ਦਲਿਤ ਨੂੰ ਮੁੱਖ ਮੰਤਰੀ ਬਣਾਉਣਾ ਜਰ ਨਹੀਂ ਸਕੇ: ‘ਆਪ’
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਕਿਉਂਕਿ ਉਹ ਇਕ ਦਲਿਤ ਨੂੰ ਮੁੱਖ ਮੰਤਰੀ ਵਜੋਂ ਜਰ ਨਹੀਂ ਸਕੇ। ‘ਆਪ’ ਦੇ ਤਰਜਮਾਨ ਸੌਰਭ ਭਾਰਦਵਾਜ ਨੇ ਕਿਹਾ, ‘‘ਇਸ ਤੋਂ ਸਾਬਤ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਖ਼ਿਲਾਫ਼ ਹਨ। ਇਕ ਗ਼ਰੀਬ ਪੁੱਤ ਨੂੰ ਮੁੱਖ ਮੰਤਰੀ ਬਣਾਇਆ ਗਿਆ… ਪਰ ਸਿੱਧੂ ਕੋਲੋਂ ਇਹ ਜਰ ਨਹੀਂ ਹੋਇਆ। ਇਹ ਬਹੁਤ ਦੁਖਦਾਈ ਹੈ।’’ -ਪੀਟੀਆਈ