ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਬੱਧਨੀ ਕਲਾਂ ਵਿੱਚ ਜਨਤਕ ਰੈਲੀ ਦੌਰਾਨ ਨਵਜੋਤ ਸਿੱਧੂ ਦੀ ਤਕਰੀਰ ਸਭ ਤੋਂ ਵੱਧ ਅਸਰਦਾਰ ਰਹੀ। ਉਨ੍ਹਾਂ ਕਿਹਾ, ‘‘ਮੈਂ ਕਾਲੀ ਪੱਗ ਨਾਲ ਕਾਲੇ ਕਾਨੂੰਨ ਦਾ ਵਿਰੋਧ ਕਰਦਾ ਹਾਂ।’’ ਇਸ ਰੈਲੀ ਵਿੱਚ ਕਰੀਬ ਡੇਢ ਸਾਲ ਮਗਰੋਂ ਸਿੱਧੂ ਮੰਚ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਰ ਆਏ ਪਰ ਦੂਰੀਆਂ ਸਾਫ ਝਲਕਦੀਆਂ ਰਹੀਆਂ। ਸਿੱਧੂ ਨੇ ਡੇਢ ਸਾਲ ਦੀ ਚੁੱਪ ਮਗਰੋਂ ਕਾਂਗਰਸ ਦੇ ਜਲਸੇ ਨੂੰ ਸੰਬੋਧਨ ਕਰਕੇ ਵਫ਼ਾਦਾਰੀ ਬਦਲਣ ਦੇ ਕਿਆਸ ’ਤੇ ਵੀ ਵਿਰਾਮ ਲਾ ਦਿੱਤਾ।
ਮੰਚ ਸੰਚਾਲਕ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੂਹ ਬੁਲਾਰਿਆਂ ਨੂੰ 2-3 ਮਿੰਟਾਂ ’ਚ ਆਪਣਾ ਭਾਸ਼ਨ ਮੁਕਾਉਣ ਦੀ ਗੁਜ਼ਾਰਿਸ਼ ਕਰਦੇ ਰਹੇ। ਸਭ ਤੋਂ ਲੰਮੀ ਤਕਰੀਰ ਨਵਜੋਤ ਸਿੱਧੂ ਨੇ 8 ਮਿੰਟ ਕੀਤੀ ਤਾਂ ਰੰਧਾਵਾ ਨੇ ਉਨ੍ਹਾਂ ਨੂੰ ਕੰਨ ’ਚ ਟੋਕਿਆ ਤਾਂ ਸਿੱਧੂ ਨੇ ਉੱਚੀ ਆਵਾਜ਼ ’ਚ ਕਿਹਾ, ‘‘ਅੱਜ ਮੈਨੂੰ ਬੋਲਣ ਤੋਂ ਨਾ ਰੋਕੋ।’’ ਇਸ ਦੌਰਾਨ ਸਿੱਧੂ ਨੇ ਕਰੀਬ 13 ਮਿੰਟ ਦਾ ਭਾਸ਼ਨ ਦਿੱਤਾ। ਉਨ੍ਹਾਂ ਜਿਥੇ ਕੇਂਦਰ ਸਰਕਾਰ ਨੂੰ ਰਗੜੇ ਲਾਏ ਉਥੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੰਬਾਨੀ ਤੇ ਅਡਾਨੀ ਚਲਾ ਰਹੇ ਹਨ ਤੇ ਉਹ ਸਰਕਾਰ ਨੂੰ ਇਸ ਗਾਣੇ ਮੁਤਾਬਕ ਨਚਾ ਰਹੇ ਹਨ, ‘ਨਾਚ ਮੇਰੀ ਬੁਲਬੁਲ ਤੁਝੇ ਪੈਸਾ ਮਿਲੇਗਾ।’ ਉਨ੍ਹਾਂ ਕਿਹਾ, ‘‘ਅਸੀਂ ਪੰਜਾਬ ਵਿੱਚ ਆਪਣੇ ਕਾਨੂੰਨ ਬਣਾ ਕੇ ਅੰਬਾਨੀ ਤੇ ਅਡਾਨੀ ਨੂੰ ਪੰਜਾਬ ਵਿਚ ਨਹੀਂ ਵੜਨ ਦਿਆਂਗੇ।’’ ਉਨ੍ਹਾਂ ਕਿਹਾ ਕਿ ਅੱਜ ਉਹ ਇਸ ਕਾਨੂੰਨ ਦਾ ਕਾਲੀ ਪੱਗ ਨਾਲ ਵਿਰੋਧ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਕੋਈ ਸਰਕਾਰ ਨਹੀਂ ਸਗੋਂ ਪੂੰਜੀਪਤੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਤੋਂ ਮੰਡੀਆਂ ਹੀ ਖੋਹ ਲਈਆਂ ਤਾਂ ਕਿਸਾਨ ਕਿੱਥੇ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਮਰੀਕਾ, ਯਰੂਪ ਦਾ ਫੇਲ੍ਹ ਹੋ ਚੁੱਕਾ ਸਿਸਟਮ ਸਾਡੇ ’ਤੇ ਥੋਪਣਾ ਚਾਹੁੰਦੀ ਹੈ।
ਪੰਜਾਬ ਸਰਕਾਰ ਦਾਲਾਂ ’ਤੇ ਐੱਮਐੱਸਪੀ ਦੇਵੇ: ਸਿੱਧੂ
ਬੱਧਨੀ ਕਲਾਂ ’ਚ ਰੈਲੀ ਦੌਰਾਲ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਪੈ ਨਿਕਲਿਆ। ਉਨ੍ਹਾਂ ਐੱਮਐੱਸਪੀ ਬਾਰੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਸੇਬ ’ਤੇ ਐੱਮਐੱਸਪੀ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਕਰੋੜਾਂ ਰੁਪਏ ਦੀ ਆਟਾ-ਦਾਲ ਸਕੀਮ ਵਾਸਤੇ ਅਨਾਜ ਬਾਹਰੋਂ ਕਿਉਂ ਲੈ ਰਹੀ ਹੈ। ਜੇਕਰ ਪੰਜਾਬ ਸਰਕਾਰ ਕਿਸਾਨਾਂ ਨੂੰ ਦਾਲਾਂ ਤੇ ਤੇਲ ਬੀਜਾਂ ’ਤੇ ਐੱਮਐੱਸਪੀ ਦੇਵੇ ਤਾਂ ਇਸ ਨਾਲ ਖੇਤੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾ ਸਕੇਗਾ। ਪੰਜਾਬ ਦੇ 70 ਫੀਸਦ ਲੋਕ ਖੇਤੀ ਨਾਲ ਜੁੜੇ ਹੋਏ ਹਨ ਤੇ ਇਨ੍ਹਾਂ ਦੇ ਹਿੱਤਾਂ ਦੀ ਹਰ ਪੱਖੋਂ ਰਾਖੀ ਕੀਤੀ ਜਾਵੇ। ਉਨ੍ਹਾਂ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਜੇਕਰ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਕਿਸਾਨਾਂ ਲਈ ਕਾਂਗਰਸ ਦੀ ਰਣਨੀਤੀ ਕੀ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀਆਂ ਬਣਾਉਣ ਦਾ ਸੱਦਾ ਦਿੱਤਾ।