ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਫਰਵਰੀ
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਇਸ ਵੇਲੇ ‘ਹੌਟ ਸੀਟ’ ਬਣਿਆ ਹੋਇਆ ਹੈ। ਇਥੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਆਹਮੋ-ਸਾਹਮਣੇ ਹਨ। ਇਥੇ ਅਕਾਲੀ ਉਮੀਦਵਾਰ ਵਲੋਂ ਆਪਣੇ ਵਿਰੋਧੀ ਉਮੀਦਵਾਰ ਦੇ ਬੋਲਚਾਲ ਦਾ ਤਰੀਕਾ, ਲੋਕਾਂ ਨੂੰ ਨਾ ਮਿਲਣਾ ਅਤੇ ਰਿਪੋਰਟ ਕਾਰਡ ਜ਼ੀਰੋ ਹੋਣ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ।
ਅਕਾਲੀ ਉਮੀਦਵਾਰ ਵਜੋਂ ਬਿਕਰਮ ਸਿੰਘ ਮਜੀਠੀਆ ਦੇ ਇਸ ਹਲਕੇ ਵਿਚ ਆਉਣ ਤੋਂ ਪਹਿਲਾਂ ਇਸ ਹਲਕੇ ਵਿਚ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਜਿੱਤ ਯਕੀਨੀ ਬਣੀ ਹੋਈ ਸੀ ਤੇ ਲੱਗਦਾ ਸੀ ਕਿ ਉਹ ਇਸ ਹਲਕੇ ਵਿਚ ਸਿੱਧੂ ਪਰਿਵਾਰ ਦੀ ਹੈਟ੍ਰਿਕ ਬਣਾਉਣਗੇ। ਕਾਂਗਰਸ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਕੋਈ ਵਿਸ਼ੇਸ਼ ਕਾਰਜ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਪਹਿਲਾਂ ਹੀ ਕਾਂਗਰਸ ਪ੍ਰਤੀ ਨਾਰਾਜ਼ਗੀ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਦੇ ਵਤੀਰੇ ਕਾਰਨ ਵੀ ਲੋਕਾਂ ਵਿਚ ਨਾਰਾਜ਼ਗੀ ਹੈ ਜਿਸ ਦਾ ਲਾਭ ਅਕਾਲੀ ਉਮੀਦਵਾਰ ਨੂੰ ਮਿਲ ਰਿਹਾ ਹੈ। ਕਈ ਕਾਂਗਰਸੀ ਆਗੂ ਤੇ ਸਮਰਥਕ ਹੁਣ ਤਕ ਪਾਰਟੀ ਛੱਡ ਕੇ ਤੱਕੜੀ ਨਾਲ ਜੁੜ ਚੁੱਕੇ ਹਨ। ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਵਲੋਂ ਹਲਕੇ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਅਤੇ ਕੁਝ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਸਮਾਗਮਾਂ ਦੌਰਾਨ ਉਹ ਲਗਾਤਾਰ ਕਾਂਗਰਸੀ ਅਤੇ ਭਾਜਪਾ ਸਮਰਥਕਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਅਕਾਲੀ ਉਮੀਦਵਾਰ ਵਾਂਗ ‘ਆਪ’ ਅਤੇ ਭਾਜਪਾ ਉਮੀਦਵਾਰ ਵਾਂਗ ਹੋਰ ਵੀ ਸ੍ਰੀ ਸਿੱਧੂ ਬਾਰੇ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਉਮੀਦਵਾਰਾਂ ਵਲੋਂ ਵੀ ਹਾਕਮ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾ ਰਹੇ ਹਨ।
ਦੂਜੇ ਪਾਸੇ ਕਾਂਗਰਸੀ ਉਮੀਦਵਾਰ ਸ੍ਰੀ ਸਿੱਧੂ ਵਲੋਂ ਆਪਣੇ ਅੰਦਾਜ਼ ਵਿਚ ਅਕਾਲੀ ਉਮੀਦਵਾਰ ਨੂੰ ਮਾਫੀਆ ਨਾਲ ਜੋੜਿਆ ਜਾ ਰਿਹਾ ਹੈ। ਉਸ ਖਿਲਾਫ ਦਰਜ ਨਸ਼ਿਆਂ ਦੇ ਮਾਮਲੇ ਸਬੰਧੀ ਕੇਸ ਨੂੰ ਵਧੇਰੇ ਉਛਾਲਿਆ ਜਾ ਰਿਹਾ ਹੈ। ਉਹ ਆਪਣੇ ਪ੍ਰਚਾਰ ਦੌਰਾਨ ਇਸੇ ਢੰਗ ਤਰੀਕੇ ਨਾਲ ‘ਆਪ’ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।
ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿਚ ਕੁਝ ਪੱਛੜ ਗਏ ਹਨ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਇਸ ਹਲਕੇ ਵਿਚ ਆਪਣੇ ਪਤੀ ਲਈ ਪ੍ਰਚਾਰ ਕਰ ਰਹੇ ਹਨ। ਕੁਝ ਦਿਨਾਂ ਬਾਅਦ ਅੱਜ ਸ੍ਰੀ ਸਿੱਧੂ ਵੀ ਆਪਣੇ ਹਲਕੇ ਵਿਚ ਪ੍ਰਚਾਰ ਲਈ ਪੁੱਜ ਗਏ ਹਨ।