ਚੰਡੀਗੜ੍ਹ, 2 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਂਗਰਸ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਵਿਚਲੇ ਸਿਆਸੀ ਸੰਕਟ ਨੂੰ ਲੁਕੋਣ ਲਈ ਉਹ ਹਾਸੋਹੀਣੇ ਝੂਠੇ ਬਿਆਨ ਦਾਗ ਰਹੇ ਹਨ। ਅਮਰਿੰਦਰ ਨੇ ਕਿਹਾ ਕਿ ਹਰੀਸ਼ ਰਾਵਤ ਤੇ ਸੁਰਜੇਵਾਲਾ ਜਿਹੜੇ ਅੰਕੜੇ ਦੇ ਰਹੇ ਹਨ, ਉਹ ਆਪਸ ਵਿਚ ਹੀ ਮੇਲ ਨਹੀਂ ਖਾ ਰਹੇ। ਸੁਰਜੇਵਾਲਾ ਦੇ ਬਿਆਨ ਦਾ ਹਵਾਲਾ ਦਿੰਦਿਆਂ ਅਮਰਿੰਦਰ ਨੇ ਕਿਹਾ ਕਿ ਉਹ ਕਹਿ ਰਹੇ ਹਨ ਕਿ ਪਾਰਟੀ ਦੇ 78 ਵਿਧਾਇਕਾਂ ਨੇ ਕਾਂਗਰਸੀ ਲੀਡਰਸ਼ਿਪ ਨੂੰ ਮੁੱਖ ਮੰਤਰੀ ਬਦਲਣ ਬਾਰੇ ਲਿਖਿਆ ਸੀ। ਇਕ ਦਿਨ ਪਹਿਲਾਂ ਹਰੀਸ਼ ਰਾਵਤ ਕਹਿ ਰਹੇ ਸਨ ਕਿ 43 ਵਿਧਾਇਕਾਂ ਨੇ ਇਸ ਬਾਰੇ ਹਾਈ ਕਮਾਨ ਨੂੰ ਲਿਖਿਆ ਸੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੂਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਹਾਸੋਹੀਣੀ ਡਰਾਮੇਬਾਜ਼ੀ ਤੋਂ ਪ੍ਰੇਰਣਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਤੇ ਹੋਰਨਾਂ ਆਗੂਆਂ ਦੇ ਝੂਠ ਦਾ ਪਾਰਟੀ ਨੂੰ ਚੋਣਾਂ ਵਿਚ ਮੁੱਲ ਤਾਰਨਾ ਪਏਗਾ। ਅਮਰਿੰਦਰ ਨੇ ਨਾਲ ਹੀ ਕਿਹਾ ਕਿ ਜੇਕਰ ਉਹ ਬਾਦਲਾਂ ਨਾਲ ਮਿਲੇ ਹੁੰਦੇ ਤਾਂ 13 ਸਾਲ ਤੋਂ ਉਨ੍ਹਾਂ ਨਾਲ ਅਦਾਲਤਾਂ ਵਿਚ ਕੇਸ ਨਹੀਂ ਲੜ ਰਹੇ ਹੁੰਦੇ। -ਆਈਏਐਨਐੱਸ