ਲਾਜਵੰਤ ਸਿੰਘ
ਨਵਾਂਸ਼ਹਿਰ, 31 ਜਨਵਰੀ
ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿੱਚ ਵਿਕਾਸ ਪੱਖੋਂ ਕਈ ਨਵੇਂ ਪ੍ਰਾਜੈਕਟ ਲਿਆਂਦੇ ਗਏ ਪਰ ਫਿਰ ਵੀ ਕਈ ਪੱਖਾਂ ਤੋਂ ਇਸ ਦਾ ਹਕੀਕਤ ’ਚ ‘ਨਵਾਂ ਸ਼ਹਿਰ’ ਬਣਨਾ ਬਾਕੀ ਹੈ। ਹਲਕੇ ’ਤੇ ਲੰਮੇ ਸਮੇਂ ਤੋਂ ਕਾਂਗਰਸ ਦਾ ਦਬਦਬਾ ਰਿਹਾ ਹੈ। ਮਰਹੂਮ ਕਾਂਗਰਸੀ ਮੰਤਰੀ ਦਿਲਬਾਗ ਸਿੰਘ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਉਨ੍ਹਾਂ ਦਾ ਪਰਿਵਾਰ ਹਲਕੇ ਲਈ ਕੰਮ ਕਰ ਰਿਹਾ ਹੈ।
ਮੌਜੂਦਾ ਹਲਕਾ ਵਿਧਾਇਕ ਅੰਗਦ ਸਿੰਘ ਵੱਲੋਂ ਹਲਕੇ ’ਚ ਵਿਕਾਸ ਕਾਰਜ ਕਰਵਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅੰਗਦ ਸਿੰਘ ਅਨੁਸਾਰ ਉਨ੍ਹਾਂ ਪਿੰਡ ਜਾਡਲਾ ਵਿੱਚ ਸਰਕਾਰੀ ਕਾਲਜ ਲਿਆਉਣ, ਖੇਲੋ ਇੰਡੀਆ ਤਹਿਤ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਵਾਉਣ, ਸਰਕਾਰੀ ਹਸਪਤਾਲ ਵਿਚ 100 ਬੈੱਡ ਦਾ ਡਾਇਲੇਸਿਸ ਸੈਂਟਰ ਬਣਵਾਉਣ, 70 ਕਿਲੋਮੀਟਰ ਸੜਕਾਂ ਦੋ ਕਰਮ ਤੋਂ ਤਿੰਨ ਕਰਮ ਕਰਨ, 55 ਕਿਲੋਮੀਟਰ ਨਵੀਆਂ ਅਤੇ 700 ਕਿਲੋਮੀਟਰ ਦੀ ਮੁਰੰਮਤ ਕਰਨ, ਨਵਾਂਸ਼ਹਿਰ ਸੀਵਰੇਜ ਲਈ 16 ਕਰੋੜ ਅਤੇ ਰਾਹੋਂ ਸੀਵਰੇਜ ਲਈ 13 ਕਰੋੜ ਦਾ ਪ੍ਰਾਜੈਕਟ ਲਿਆਉਣ ਸਮੇਤ ਹੋਰ ਕੰਮ ਕੀਤੇ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਨੂੰ ਹਕੀਕਤ ’ਚ ਨਵਾਂ ਬਣਾਉਣਾ ਸਾਬਕਾ ਮੰਤਰੀ ਦਿਲਬਾਗ ਸਿੰਘ ਦਾ ਸੁਫ਼ਨਾ ਸੀ ਅਤੇ ਉਨ੍ਹਾਂ ਇਹ ਸੁਫ਼ਨਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਸੁਖਾਵੇਂ ਸਬੰਧ ਨਾ ਹੋਣ ਦੇ ਬਾਵਜੂਦ ਉਨ੍ਹਾਂ ਹਲਕੇ ਵਿੱਚ ਨਵੇਂ ਪ੍ਰਾਜੈਕਟ ਲਿਆਂਦੇ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਲਿਤ ਮੋਹਨ ਪਾਠਕ, ਜੋ ਕਾਂਗਰਸੀ ਤੋਂ ‘ਆਪ’ ਵਿੱਚ ਸ਼ਾਮਲ ਹੋ ਗਏ ਸਨ, ਨੂੰ ‘ਆਪ’ ਨੇ ਉਮੀਦਵਾਰ ਵਜੋਂ ਉਤਾਰਿਆ ਹੈ। ਇਸੇ ਤਰ੍ਹਾਂ ਅੰਗਦ ਸਿੰਘ ਦੀ ਟਿਕਟ ਕੱਟਣ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿਚ ਗਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਮੁੜ ਕਾਂਗਰਸ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਟਿਕਟ ਦੇਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੈ। ਅੰਗਦ ਸਿੰਘ ਦੇ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵਜੋਂ ਉੱਤਰਨ ਨਾਲ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।
ਨਗਰ ਕੌਂਸਲ ਦਾ ਪ੍ਰਧਾਨ ਰਹਿਣ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਲਿਤ ਮੋਹਨ ਪਾਠਕ ਉਰਫ ਬੱਲੂ ਦਾ ਲੋਕਾਂ ਨਾਲ ਰਾਬਤਾ ਹੈ। ਲਲਿਤ ਮੋਹਨ ਨੇ ਕਿਹਾ ਕਿ ਸਰਕਾਰ ਬਣਨ ’ਤੇ ਹਲਕੇ ’ਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਗ੍ਰਾਂਟ ਦਾ ਇੱਕ-ਇੱਕ ਪੈਸਾ ਇਮਾਨਦਾਰੀ ਨਾਲ ਖਰਚਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਨਛੱਤਰਪਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਹਲਕੇ ਵਿਚ ਫੂਡ ਪ੍ਰੋਸੈਸਿੰਗ ਯੂਨਿਟ, ਮੈਡੀਕਲ ਕਾਲਜ ਅਤੇ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹੇ ਵਿਚ ਸ਼ਹੀਦ ਦੇ ਨਾਂ ’ਤੇ ਯੂਨੀਵਰਸਿਟੀ ਵਰਗੇ ਪ੍ਰਾਜੈਕਟ ਨਾ ਲਿਆ ਕੇ ਹਲਕੇ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਗਈ ਹੈ।
“ਕੈਪਟਨ ਅਮਰਿੰਦਰ ਸਿੰਘ ਨਾਲ ਸੁਖਾਵੇਂ ਸਬੰਧ ਨਾ ਹੋਣ ਦੇ ਬਾਵਜੂਦ ਹਲਕੇ ਵਿਚ ਨਵੇਂ ਪ੍ਰਾਜੈਕਟ ਲਿਆਂਦੇ” -ਅੰਗਦ ਸਿੰਘ, ???? |
“ਸਰਕਾਰ ਬਣਨ ’ਤੇ ਹਲਕੇ ’ਚੋਂ ਭਿ੍ਸ਼ਟਾਚਾਰ ਖ਼ਤਮ ਕੀਤਾ ਜਾਵੇਗਾ।” -ਲਲਿਤ ਮੋਹਨ ਪਾਠਕ, ‘ਆਪ’
|
“ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਪ੍ਰਾਜੈਕਟ ਨਾ ਲਿਆ ਕੇ ਕਾਂਗਰਸ ਨੇ ਲੋਕਾਂ ਨਾਲ ਬੇਇਨਸਾਫੀ ਕੀਤੀ” -ਡਾ. ਨਛੱਤਰਪਾਲ, ਅਕਾਲੀ ਦਲ |