ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਗਸਤ
ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਗੁਰੂ ਨਾਨਕ ਦੇਵ ਦਾ ਜੋਤੀ-ਜੋਤ ਸਮਾਉਣ ਦਿਵਸ 21 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਤੇ ਹੋਰ ਮੁਲਕਾਂ ਤੋਂ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਕਰੋਨਾ ਸਬੰਧੀ ਟੀਕਾਕਰਨ ਤੇ 72 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਇਹ ਪ੍ਰੋਟੋਕੋਲ ਪਾਕਿਸਤਾਨ ਸਰਕਾਰ ਦੇ ਨੈਸ਼ਨਲ ਕਮਾਂਡ ਐਂਡ ਅਪਰੇਸ਼ਨ ਸੈਂਟਰ ਇਸਲਾਮਾਬਾਦ ਨੇ ਜਾਰੀ ਕੀਤਾ ਹੈ।
ਡਾਇਰੈਕਟਰ ਮਜ਼ਹਰ ਅਜੈਬ ਨੇ ਆਖਿਆ ਕਿ ਜੋਤੀ ਜੋਤ ਦਿਵਸ ਮੌਕੇ ਭਾਰਤੀ ਸ਼ਰਧਾਲੂ ਵਾਹਗਾ ਸਰਹੱਦ ਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਆ ਸਕਦੇ ਹਨ। ਇੱਥੇ ਆਉਣ ਵਾਲੇ ਹਰੇਕ ਭਾਰਤੀ ਸ਼ਰਧਾਲੂ ਨੂੰ ਕਰੋਨਾ ਸਬੰਧੀ ਮੁਕੰਮਲ ਟੀਕਾਕਰਨ ਦਾ ਸਰਟੀਫਿਕੇਟ ਤੇ 72 ਘੰਟੇ ਪੁਰਾਣੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਧਾਲੂ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਵਾਪਸ ਭੇਜ ਦਿੱਤਾ ਜਾਵੇਗਾ। ਜੋਤੀ ਜੋਤ ਦਿਵਸ ਸਬੰਧੀ ਬੀਤੇ ਦਿਨ ਐੱਨਸੀਓਸੀ ਵੱਲੋਂ ਵੀ ਮੀਟਿੰਗ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਹਾਲੇ ਤੱਕ ਇਹ ਲਾਂਘਾ ਖੋਲ੍ਹਣ ਸਬੰਧੀ ਕੋਈ ਫ਼ੈਸਲਾ ਨਹੀਂ ਕੀਤਾ ਗਿਆ। ਜਦੋਂ ਤੱਕ ਭਾਰਤ ਸਰਕਾਰ ਲਾਂਘਾ ਮੁੜ ਖੋਲ੍ਹਣ ਦੀ ਪ੍ਰਵਾਨਗੀ ਨਹੀਂ ਦਿੰਦੀ ਹੈ ਉਦੋਂ ਤੱਕ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੀ ਯਾਤਰਾ ਨਹੀਂ ਕਰ ਸਕਦੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਿਵੇਂ ਕਰੋਨਾ ਦੌਰਾਨ ਹੋਰ ਧਾਰਮਿਕ ਥਾਵਾਂ ਖੋਲ੍ਹੀਆਂ ਗਈਆਂ ਹਨ, ਉਸੇ ਤਰ੍ਹਾਂ ਕਰਤਾਰਪੁਰ ਲਾਂਘਾ ਵੀ ਮੁੜ ਖੋਲ੍ਹਿਆ ਜਾਵੇ।