ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਸਤੰਬਰ
ਕਾਂਗਰਸ ਦੀ ਨਵੀਂ ਵਜ਼ਾਰਤ ਵਿੱਚ ਮਾਝੇ ਨੂੰ ਮਿਲੀ ਵੱਡੀ ਨੁਮਾਇੰਦਗੀ ਤੇ ਜ਼ਿੰਮੇਵਾਰੀ ਬਾਰੇ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਕਾਂਗਰਸ ਸਰਕਾਰ ਦੇ ਬਾਕੀ ਰਹਿ ਗਏ ਕਾਰਜਕਾਲ ’ਚ ਕਾਂਗਰਸ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਇਸ ਚਰਚਾ ਨੂੰ ਰੱਦ ਕੀਤਾ ਕਿ ਉਨ੍ਹਾਂ ਉੱਪ ਮੁੱਖ ਮੰਤਰੀ ਦੇ ਅਹੁਦੇ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ।
ਉਹ ਇੱਥੇ ਅੰਮ੍ਰਿਤਸਰ ਟਰੇਡ ਐਸੋਸੀਏਸ਼ਨ ਦੀ 10ਵੀਂ ਵਰ੍ਹੇਗੰਢ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਪੁੱਜੇ ਸਨ। ਇਸ ਮੌਕੇ ਉਨ੍ਹਾਂ ਵਪਾਰੀ ਵਰਗ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵਪਾਰੀਆਂ ਨੂੰ ਧਰਨੇ ਲਾਉਣ ਦਾ ਮੌਕਾ ਨਹੀਂ ਆਉਣ ਦਿੱਤਾ ਜਾਵੇਗਾ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਮਾਝੇ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦੋਵੇਂ ਉਪ ਮੁੱਖ ਮੰਤਰੀ ਮਾਝੇ ਤੋਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਪੰਜਾਬ ਤੇ ਖਾਸ ਕਰਕੇ ਮਾਝੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਬਾਕੀ ਰਹਿੰਦੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਮੁੜ ਲੋਕਾਂ ਦੀ ਹਮਾਇਤ ਨਾਲ ਮੁੜ ਸਰਕਾਰ ਬਣਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਸਰਕਾਰ ਕੋਲੋਂ ਉਪ ਮੁੱਖ ਮੰਤਰੀ ਵਾਲੀਆਂ ਸਹੂਲਤਾਂ ਦੀ ਕੋਈ ਮੰਗ ਨਹੀਂ ਕੀਤੀ ਹੈ ਤੇ ਇਸ ਸਬੰਧੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਟਰੇਡ ਐਸੋਸੀਏਸ਼ਨ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਇਕੋ ਹੀ ਛੱਤ ਥੱਲੇ ਸਾਰੀਆਂ ਸਹੂਲਤਾਂ ਮਿਲਣਗੀਆਂ। ਇਸ ਮੌਕੇ ਅੰਮ੍ਰਿਤਸਰ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕਪੂਰ, ਹੀਰਾ ਲਾਲ ਤੇ ਮੁਨੀਸ਼ ਜੈਨ ਨੇ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।