ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਮੁੱਖ ਅੰਸ਼
- ਫ਼ੌਜ ਨੇ ਲਿਆ ਯੂ-ਟਰਨ, ਸੂਬਾ ਸਰਕਾਰ ਤੋਂ ਸਹਿਯੋਗ ਮਿਲਣ ਦਾ ਕੀਤਾ ਦਾਅਵਾ
- ਭਰਤੀ ਅਫ਼ਸਰ ਵੱਲੋਂ ਮਾਨ ਸਰਕਾਰ ਨੂੰ ਪੱਤਰ ਲਿਖੇ ਜਾਣ ਤੋਂ ਕੇਜਰੀਵਾਲ ਅਣਜਾਣ
ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਕੇਂਦਰ ਸਰਕਾਰ ਦੀ ‘ਅਗਨੀਵੀਰ’ ਸਕੀਮ ਤੋਂ ਪੰਜਾਬ ਵਿਚ ਮੁੜ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਲੰਧਰ ਕੈਂਟ ਦੇ ਜ਼ੋਨਲ ਭਰਤੀ ਅਫ਼ਸਰ ਨੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਲਿਖੇ ਪੱਤਰ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਭਰਤੀ ਰੈਲੀਆਂ ਵਾਸਤੇ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਾ ਕਰਨ ’ਤੇ ਗਿਲਾ ਜ਼ਾਹਿਰ ਕੀਤਾ ਸੀ। ਭਰਤੀ ਅਫ਼ਸਰ ਨੇ ਇਥੋਂ ਤੱਕ ਆਖ ਦਿੱਤਾ ਕਿ ਇਹੀ ਰਵੱਈਆ ਰਿਹਾ ਤਾਂ ਉਹ ਭਵਿੱਖ ’ਚ ਪੰਜਾਬ ਦੀਆਂ ਭਰਤੀ ਰੈਲੀਆਂ ਨੂੰ ਹੋਰਨਾਂ ਸੂਬਿਆਂ ਵਿਚ ਤਬਦੀਲ ਕਰ ਸਕਦੇ ਹਨ। ਬੇਸ਼ੱਕ ਭਾਰਤੀ ਫ਼ੌਜ ਦੇ ਸੂਤਰਾਂ ਨੇ ਅੱਜ ਨਵਾਂ ਮੋੜਾ ਕੱਟ ਲਿਆ ਹੈ, ਪਰ ਇਸ ਪੱਤਰ ਤੋਂ ਪੰਜਾਬ ਵਿਚ ਨਵਾਂ ਵਿਵਾਦ ਛਿੜ ਗਿਆ ਹੈ।
ਪੰਜਾਬ ਵਿਧਾਨ ਸਭਾ ਵਿਚ ਅਗਨੀਵੀਰ ਸਕੀਮ ਖ਼ਿਲਾਫ਼ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਗਨੀਵੀਰ ਸਕੀਮ ਦਾ ਵਿਰੋਧ ਕੀਤਾ ਗਿਆ ਸੀ ਜਦੋਂਕਿ ਭਾਜਪਾ ਵਿਧਾਇਕ ਹਮਾਇਤ ਵਿਚ ਨਿੱਤਰੇ ਸਨ। ਭਾਰਤੀ ਫ਼ੌਜ ਵਿੱਚ ਸਭ ਤੋਂ ਵੱਧ ਜਵਾਨ ਭੇਜਣ ਵਾਲੇ ਦੇਸ਼ ਦੇ ਮੋਹਰੀ ਸੂਬਿਆਂ ਵਿਚੋਂ ਪੰਜਾਬ ਇਕ ਹੈ।
ਅਗਨੀਵੀਰ ਸਕੀਮ ਖ਼ਿਲਾਫ਼ ਦੇਸ਼ ਭਰ ਵਿਚ ਪ੍ਰਦਰਸ਼ਨ ਹੋਏ ਸਨ, ਪਰ ਸਿਆਸੀ ਰੌਲਾ-ਰੱਪਾ ਸ਼ਾਂਤ ਹੋਣ ਮਗਰੋਂ ਸੂਬਿਆਂ ਵਿਚ ਅਗਨੀਵੀਰ ਭਰਤੀ ਕਰਨ ਲਈ ਰੈਲੀਆਂ ਚੱਲ ਰਹੀਆਂ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਭਾਵੇਂ ਉਹ ਪਹਿਲਾਂ ਇਸ ਸਕੀਮ ਦਾ ਵਿਰੋਧ ਕਰਦੇ ਸਨ, ਪਰ ਹੁਣ ਜਦੋਂ ਸਕੀਮ ਸ਼ੁਰੂ ਹੋ ਗਈ ਹੈ ਤਾਂ ਉਹ ਅਗਨੀਵੀਰ ਭਰਤੀ ਦਾ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਫ਼ੌਜ ਦੇ ਭਰਤੀ ਸੈੱਲ ਵੱਲੋਂ ਪੰਜਾਬ ਸਰਕਾਰ ਨੂੰ ਕੋਈ ਪੱਤਰ ਲਿਖੇ ਜਾਣ ਦੀ ਜਾਣਕਾਰੀ ਨਹੀਂ ਹੈ। ਉਧਰ ਭਾਰਤੀ ਫੌਜ ਦੇ ਸੂਤਰਾਂ ਨੇ ਅੱਜ ਯੂ-ਟਰਨ ਲੈਂਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਗੁਰਦਾਸਪੁਰ ਅਤੇ ਲੁਧਿਆਣਾ ਵਿਚ ਭਰਤੀ ਰੈਲੀਆਂ ਵਿਚ ਪ੍ਰਸ਼ਾਸਨ ਨੇ ਪੂਰੀ ਮਦਦ ਕੀਤੀ ਹੈ।
ਸੂਤਰਾਂ ਨੇ ਸਪਸ਼ਟ ਕੀਤਾ ਕਿ 17 ਸਤੰਬਰ ਤੋਂ 30 ਸਤੰਬਰ ਤੱਕ ਪਟਿਆਲਾ ਵਿਚ, 1 ਤੋਂ 16 ਨਵੰਬਰ ਤੱਕ ਫ਼ਿਰੋਜ਼ਪੁਰ ਵਿਚ ਅਤੇ 21 ਨਵੰਬਰ ਤੋਂ 10 ਦਸੰਬਰ ਤੱਕ ਜਲੰਧਰ ਵਿਚ ਅਗਨੀਵੀਰ ਭਰਤੀ ਕਰਨ ਵਾਸਤੇ ਭਰਤੀ ਰੈਲੀ ਕੀਤੀ ਜਾਵੇਗੀ ਅਤੇ ਕਿਸੇ ਰੈਲੀ ਨੂੰ ਦੂਸਰੇ ਸੂਬੇ ਵਿਚ ਸ਼ਿਫ਼ਟ ਨਹੀਂ ਕੀਤਾ ਜਾਵੇਗਾ।
ਕੋਈ ਢਿੱਲ ਸਹਿਣ ਨਹੀਂ ਕਰਾਂਗੇ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਕਿਹਾ ਕਿ ਅਗਨੀਵੀਰਾਂ ਦੀ ਭਰਤੀ ਲਈ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਭਾਰਤੀ ਫ਼ੌਜ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਨ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕਿਤੇ ਕੋਈ ਢਿੱਲ ਵਰਤੀ ਗਈ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ’ਚੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਭਰਤੀ ਕਰਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।