ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵਲੋਂ ਯੂਨੀਸੈੱਫ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਦੀ ਸਿਖਲਾਈ ਦਿੱਤੀ ਜਾਵੇਗੀ ਜਿਸ ਵਿਚ ਯੁਵਾ ਸਕਿੱਲ ਵਲੋਂ ਸਹਿਯੋਗ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਨੌਕਰੀਆਂ ਹਾਸਲ ਕਰਨ ਵਿਚ ਵੀ ਮਦਦ ਮਿਲੇਗੀ। ਇਹ ਪ੍ਰਾਜੈਕਟ ਨਿਊ ਐਜੂਕੇਸ਼ਨ ਪਾਲਸੀ ਤਹਿਤ ਕੰਮ ਕਰੇਗਾ। ਇਹ ਯੂਨੀਸੈਫ ਨਾਲ ਪਹਿਲੇ ਚੱਲਦੇ ਪ੍ਰਾਜੈਕਟ ਦਾ ਅਗਲਾ ਹਿੱਸਾ ਹੋਵੇਗਾ। ਇਸ ਪ੍ਰਾਜੈਕਟ ਨੂੰ ਪਾਸਪੋਰਟ ਟੂ ਅਰਨਿੰਗ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ ਵਿਦਿਆਰਥੀਆਂ ਨੂੰ ਸਕਿੱਲ ਬੇਸਡ ਟੀਚੇ ਦਿੱਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹਾਣ ਦਾ ਬਣਨ ਲਈ ਗਿਆਨ ਸਿਰਫ ਕਿਤਾਬਾਂ ਜ਼ਰੀਏ ਨਹੀਂ ਦਿੱਤਾ ਜਾ ਸਕਦਾ, ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਜ਼ਰੀਏ ਹੁਨਰੀ ਗੁਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਊ ਐਜੂਕੇਸ਼ਨ ਪਾਲਸੀ ਵਿਚ ਰੱਟੇ ਮਾਰਨ ਦੀ ਥਾਂ ਹੁਨਰਮੰਦ ਬਣਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ ਜਾਵੇਗਾ।
ਸਕੂਲ ਵਿਦਿਆਰਥੀਆਂ ਨੂੰ ਕਰਨਗੇ ਜਾਗਰੂਕ
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪ੍ਰਾਜੈਕਟ ਸਬੰਧੀ ਸੀਬੀਐਸਈ ਵਲੋਂ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਇਸ ਪਲੇਟਫਾਰਮ ’ਤੇ ਜੁੜਨ ਲਈ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਚੇ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੋਰਡ ਵਲੋਂ ਸਕਿੱਲ ਸਰਟੀਫਿਕੇਟ ਦਿੱਤੇ ਜਾਣਗੇ।