ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜਨਵਰੀ
ਅਮਰੀਕਾ ਦੇ ਸੂਬੇ ਨਿਊ ਜਰਸੀ ਦੀ ਸੈਨੇਟ ਵੱਲੋਂ ਮਤਾ ਪਾਸ ਕਰ ਕੇ ਨਵੰਬਰ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮੰਨਦਿਆਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਇਸ ਸਬੰਧੀ ਮਤਾ ਸੈਨੇਟਰ ਸਟੀਫਨ ਐਮ ਸਵੀਨੇ ਵੱਲੋਂ ਪੇਸ਼ ਕੀਤਾ ਗਿਆ ਸੀ।
ਇਸ ਸਬੰਧੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕਾਕਸ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਆਗੂਆਂ ਡਾ. ਪ੍ਰਿਤਪਾਲ ਸਿੰਘ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਜੁਗਰਾਜ ਸਿੰਘ, ਹਰਜਿੰਦਰ ਸਿੰਘ ਤੇ ਹੋਰਨਾਂ ਨੇ ਇਸ ਮਤੇ ਦੀ ਸ਼ਲਾਘਾ ਕੀਤੀ ਹੈ। ਇਸ ਨੂੰ ਹੁਣ ਅਮਰੀਕਾ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਚੁਣੇ ਹੋਏ ਸੈਨੇਟ ਮੈਂਬਰਾਂ ਨੂੰ ਭੇਜਿਆ ਜਾਵੇਗਾ।
ਏਜੀਪੀਸੀ ਦੇ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਮਤਾ ਸੈਨੇਟਰ ਸਟੀਫਨ ਐਮ ਸਵੀਨੇ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਬਿਨਾਂ ਵਿਰੋਧ ਪ੍ਰਵਾਨਗੀ ਦਿੱਤੀ ਗਈ। ਸੈਨੇਟ ਵਿਚ ਹਾਜ਼ਰ ਹਿੰਦੂ ਸੈਨੇਟ ਮੈਂਬਰ ਵਿਨੂੰ ਗੋਪਾਲ ਨੇ ਵੀ ਇਸ ਦੇ ਹੱਕ ਵਿਚ ਵੋਟ ਪਾਈ। ਉਨ੍ਹਾਂ ਦੱਸਿਆ ਕਿ ਮਤੇ ਵਿੱਚ ਨਵੰਬਰ 1984 ਵਿਚ ਦਿੱਲੀ ਸਣੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਵਾਪਰੇ ਸਿੱਖ ਵਿਰੋਧੀ ਦੰਗਿਆਂ ਨੂੰ ਸਿੱਖ ਨਸਲਕੁਸ਼ੀ ਵਜੋੋਂ ਮਾਨਤਾ ਦਿੱਤੀ ਹੈ ਅਤੇ ਇਸ ਦੀ ਨਿਖੇਧੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਕੈਲੇਫੋਰਨੀਆ ਸੂਬੇ ਦੀ ਸਰਕਾਰ ਵੱਲੋਂ 16 ਅਪਰੈਲ 2015 ਨੂੰ ’84 ਕਤਲੇਅਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਨਿਖੇਧੀ ਕੀਤੀ ਗਈ ਸੀ। ਇਸੇ ਤਰ੍ਹਾਂ 17 ਅਕਤੂਬਰ 2018 ਵਿਚ ਪੈਨਸੇਲਵਾਨੀਆ ਦੀ ਜਨਰਲ ਅਸੈਂਬਲੀ ਵਿਚ ਵੀ ਇਸ ਸਬੰਧੀ ਮਤਾ ਨਿਰਵਿਰੋਧ ਪਾਸ ਕੀਤਾ ਗਿਆ ਸੀ।
ਨਿਊ ਜਰਸੀ ਸਰਕਾਰ ਦੀ ਸੈਨੇਟ ਵਿਚ ਪਾਸ ਕੀਤੇ ਇਸ ਮਤੇ ਵਿਚ ਨਵੰਬਰ 1984 ਵਿਚ ਵਾਪਰੀਆਂ ਇਨ੍ਹਾਂ ਘਟਨਾਵਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹਿੰਸਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਆਖਿਆ ਹੈ ਕਿ ਇਸ ਹਿੰਸਕ ਕਾਰਵਾਈ ਦੌਰਾਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮਤੇ ਵਿਚ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਅਤੇ ਪਟੌਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਥੇ 2011 ਵਿਚ ਖ਼ੁਲਾਸਾ ਹੋਇਆ ਸੀ ਕਿ ਉੱਥੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ ਸੀ। ਮਤੇ ਵਿਚ ਸ਼ਾਮਲ ਹੈ ਕਿ ਇਨ੍ਹਾਂ ਘਟਨਾਵਾਂ ਤੋਂ ਪੀੜਤ ਕਈ ਸਿੱਖ ਪਰਵਾਸ ਕਰ ਕੇ ਅਮਰੀਕਾ ਆ ਗਏ ਸਨ। ਉਨ੍ਹਾਂ ਨੇ ਦੇਸ਼ ਅਤੇ ਨਿਊ ਜਰਸੀ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ ਹੈ।