ਚਰਨਜੀਤ ਭੁੱਲਰ
ਚੰਡੀਗੜ੍ਹ, 25 ਸਤੰਬਰ
ਪੰਜਾਬ ਦੀ ਨਵੀਂ ਵਜ਼ਾਰਤ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿਆਸੀ ਪਿਛੋਕੜ ਵਾਲੇ ਜ਼ਿਆਦਾ ਵਿਧਾਇਕ ਨਵੀਂ ਕੈਬਨਿਟ ’ਚ ਥਾਂ ਬਣਾਉਣ ਵਿਚ ਸਫਲ ਹੋਏ ਹਨ। ਰਾਹੁਲ ਗਾਂਧੀ ਨੇ ਨਵੀਂ ਵਜ਼ਾਰਤ ਵਿੱਚ ਆਪਣੀ ਟੀਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਰਾਹੁਲ ਗਾਂਧੀ ਦੀ ਪਸੰਦ ਹਨ ਅਤੇ ਰਾਹੁਲ ਦੀ ਬਦੌਲਤ ਹੀ ਚੰਨੀ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਬਣੇ ਸਨ।
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਟੀਮ ਦੇ ਕੁਲਜੀਤ ਸਿੰਘ ਨਾਗਰਾ, ਵਿਜੈ ਇੰਦਰ ਸਿੰਗਲਾ, ਅਮਰਿੰਦਰ ਰਾਜਾ ਵੜਿੰਗ ਤੇ ਗੁਰਕੀਰਤ ਸਿੰਘ ਕੋਟਲੀ ਨੂੰ ਨਵੀਂ ਕੈਬਨਿਟ ਵਿੱਚ ਥਾਂ ਮਿਲੀ ਹੈ। ਰਾਜਾ ਵੜਿੰਗ ਲਈ ਨਵਜੋਤ ਸਿੱਧੂ ਨੇ ਵੀ ਪੂਰਾ ਤਾਣ ਲਾਇਆ ਹੋਇਆ ਸੀ ਜਦਕਿ ਵੜਿੰਗ ਦਾ ਵਿਰੋਧੀ ਆਗੂ ਇਸ ਪੈਂਤੜੇ ਅੱਗੇ ਫੇਲ੍ਹ ਹੋ ਗਿਆ। ਇਸ ਤੋਂ ਇਲਾਵਾ ਸਿਆਸੀ ਪਿਛੋਕੜਾਂ ’ਤੇ ਨਜ਼ਰ ਮਾਰੀਏ ਤਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਹਨ।
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਸਿੰਘ ਕੋਟਲੀ ਨੂੰ ਵੀ ਵਜ਼ਾਰਤ ਵਿੱਚ ਥਾਂ ਮਿਲੀ ਹੈ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦੂਸਰੀ ਦਫਾ ਵਿਧਾਇਕ ਕੋਟਲੀ ਲਈ ਦਬਾਅ ਬਣਾਇਆ ਹੋਇਆ ਸੀ, ਜਦਕਿ ਲੁਧਿਆਣਾ ਤੋਂ ਚਾਰ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਖਾਲੀ ਹੱਥ ਰਹਿ ਗਏ ਹਨ। ਵਿਧਾਇਕਾ ਅਰੁਣਾ ਚੌਧਰੀ ਦਾ ਸਹੁਰਾ ਜੈ ਮੁਨੀ ਆਪਣੇ ਸਮੇਂ ਵਿੱਚ ਚਾਰ ਵਾਰ ਵਿਧਾਇਕ ਰਿਹਾ ਸੀ। ਮਨਪ੍ਰੀਤ ਬਾਦਲ ਦੀ ਸਿੱਧੀ ਰਾਹੁਲ ਗਾਂਧੀ ਨਾਲ ਨੇੜਤਾ ਹੈ, ਜਿਸ ਕਰਕੇ ਉਹ ਭੈਅ ਮੁਕਤ ਰਹੇ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਪਿਤਾ ਵੀ ਸਿਆਸੀ ਅਹੁਦਿਆਂ ’ਤੇ ਰਹੇ ਹਨ।
ਰਾਹੁਲ ਗਾਂਧੀ ਨਾਲ ਨੇੜਤਾ ਤੋਂ ਇਲਾਵਾ ਵਿਜੈਇੰਦਰ ਸਿੰਗਲਾ ਦੇ ਪਿਤਾ ਸੰਤ ਰਾਮ ਸਿੰਗਲਾ ਵੀ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਰਹੇ ਹਨ। ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪਰਗਟ ਸਿੰਘ ਦੇ ਸਹੁਰਾ ਦਰਬਾਰਾ ਸਿੰਘ ਸਪੀਕਰ ਰਹੇ ਹਨ। ਭਾਰਤ ਭੂਸ਼ਣ ਆਸ਼ੂ ਦੀ ਨੇੜਤਾ ਕਿਸ਼ੋਰੀ ਲਾਲ ਨਾਲ ਹੈ, ਜੋ ਅਮੇਠੀ ਹਲਕੇ ’ਚ ਸੋਨੀਆ ਗਾਂਧੀ ਦੇ ਚੋਣ ਇੰਚਾਰਜ ਹੁੰਦੇ ਹਨ। ਇਸ ਤੋਂ ਇਲਾਵਾ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਣਾ ਸਭ ਵਿਰੋਧੀ ਆਗੂਆਂ ਨੂੰ ਰਾਸ ਆ ਗਿਆ ਹੈ। ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਤੇ ਬਾਕੀ ਚਾਰ ਵਜ਼ੀਰਾਂ ਦੀ ਵਜ਼ੀਰੀ ਕਾਇਮ ਰਹਿ ਗਈ ਹੈ। ਮਾਲਵੇ ਦੇ ਇੱਕ ਵਜ਼ੀਰ ਨੂੰ ਆਪਣੀ ਵਜ਼ੀਰੀ ਗੁਆਉਣੀ ਪਈ, ਜਿਸ ਨੇ ਆਪਣੇ ਰਿਸ਼ਤੇਦਾਰ ਨੂੰ ਹਾਲ ਹੀ ਵਿੱਚ ਨੌਕਰੀ ਦਿਵਾਈ ਸੀ। ਮਾਲ ਮਹਿਕਮੇ ਦੀ ਰਿਪੋਰਟ ਦੇ ਆਧਾਰ ’ਤੇ ਇਸ ਮੰਤਰੀ ਕੋਲੋਂ ਕੁਰਸੀ ਗਈ ਹੈ। ਬਾਕੀ ਛਾਂਟੀ ਕੀਤੇ ਵਜ਼ੀਰਾਂ ’ਤੇ ਉਠੀ ਉੱਗਲ ਉਨ੍ਹਾਂ ਦੀ ਕੁਰਸੀ ਖੁੱਸਣ ਦਾ ਕਾਰਨ ਬਣੀ ਹੈ।
ਵਿਧਾਇਕਾਂ ਦੀ ਸਿਆਸੀ ਯੋਗਤਾ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ 6ਵੀਂ ਵਾਰ ਵਿਧਾਇਕ ਬਣੇ ਬ੍ਰਹਮ ਮਹਿੰਦਰਾ ਵਜ਼ਾਰਤ ’ਚ ਬਣੇ ਰਹਿਣ ’ਚ ਸਫਲ ਹੋਏ ਹਨ।ਓਪੀ ਸੋਨੀ ਤੇ ਮਨਪ੍ਰੀਤ ਸਿੰਘ ਬਾਦਲ ਪੰਜਵੀਂ ਵਾਰ ਵਿਧਾਇਕ ਬਣੇ ਹਨ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਚੌਥੀ ਵਾਰ ਵਿਧਾਇਕ ਬਣੇ ਹਨ, ਜਿਨ੍ਹਾਂ ਦੀ ਕੁਰਸੀ ਬਚ ਗਈ ਹੈ। ਇਸੇ ਤਰ੍ਹਾਂ ਨਵੀਂ ਵਜ਼ਾਰਤ ਵਿਚ ਅੱਠ ਵਿਧਾਇਕ ਅਜਿਹੇ ਹਨ ਜੋ ਤਿੰਨ ਤਿੰਨ ਵਾਰ ਵਿਧਾਇਕ ਬਣੇ ਹਨ। ਪੰਜ ਵਿਧਾਇਕਾਂ ਦੀ ਐਤਕੀਂ ਦੂਸਰੀ ਟਰਮ ਹੈ, ਜਿਨ੍ਹਾਂ ਨੂੰ ਵਜ਼ੀਰੀ ਮਿਲਣੀ ਹੈ। ਇਕੱਲੇ ਵਿਜੈਇੰਦਰ ਸਿੰਗਲਾ ਹਨ, ਜੋ ਪਹਿਲੀ ਵਾਰ ਵਿਧਾਇਕ ਤੇ ਪਹਿਲੀ ਵਾਰ ਹੀ ਮੰਤਰੀ ਬਣੇ ਹਨ, ਉਂਜ ਉਹ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। ਹਾਈਕਮਾਨ ਨੇ ਨਵੇਂ ਵਜ਼ੀਰਾਂ ਦੇ ਨਾਮ ਫਾਈਨਲ ਕਰਨ ਦੇ ਬਾਵਜੂਦ ਹਾਲੇ ਪੱਤੇ ਨਹੀਂ ਖੋਲ੍ਹੇ ਹਨ। ਦੱਸਦੇ ਹਨ ਕਿ ਇਹ ਹਾਈ ਕਮਾਨ ਦੀ ਰਣਨੀਤੀ ਦਾ ਹਿੱਸਾ ਹੈ ਤਾਂ ਜੋ ਪਹਿਲਾਂ ਮੀਡੀਆ ਜ਼ਰੀਏ ਨਾਮ ਆਊਟ ਕਰਾ ਕੇ ਪਾਰਟੀ ਦੇ ਅੰਦਰਲੇ ਵਿਰੋੋਧੀ ਖੇਮੇ ਦੇ ਰੌਂਅ ਨੂੰ ਜਾਣਿਆ ਜਾ ਸਕੇ।
ਨਾਗਰਾ ਤੇ ਰਾਣਾ ਗੁਰਜੀਤ ਦੀ ਵਜ਼ੀਰੀ ਬਾਰੇ ਚਰਚੇ
ਨਵੀਂ ਕੈਬਨਿਟ ਦਾ ਹਲਫ ਸਮਾਰੋਹ ਭਲਕੇ ਹੋਵੇਗਾ, ਪਰ ਰੇੜਕਾ ਫਿਰ ਵੀ ਪਿੱਛਾ ਨਹੀਂ ਛੱਡ ਰਿਹਾ। ਹੁਣ ਚਰਚੇ ਕੁਲਜੀਤ ਸਿੰਘ ਨਾਗਰਾ ਤੇ ਰਾਣਾ ਗੁਰਜੀਤ ਸਿੰਘ ਦੀ ਸੰਭਾਵੀ ਵਜ਼ੀਰੀ ਨੂੰ ਲੈ ਕੇ ਸ਼ੁਰੂ ਹੋ ਗਏ ਹਨ। ਫਤਹਿਗੜ੍ਹ ਸਾਹਿਬ ਦੇ ਅਮਲੋਹ ਤੋਂ ਕਾਕਾ ਰਣਦੀਪ ਸਿੰਘ ਐਤਕੀਂ ਚੌਥੀ ਦਫਾ ਵਿਧਾਇਕ ਬਣੇ ਹਨ, ਪਰ ਹੁਣ ਤੱਕ ਦੀ ਤਿਆਰ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਹੈ। ਉਨ੍ਹਾਂ ਦੇ ਪਿਤਾ ਗੁਰਦਰਸ਼ਨ ਸਿੰਘ ਵੀ ਮੰਤਰੀ ਰਹੇ ਸਨ। ਹੁਣ ਰੌਲਾ ਪੈ ਰਿਹਾ ਹੈ ਕਿ ਰਾਤ ਨੂੰ ਫਾਈਨਲ ਹੋਈ ਸੂਚੀ ਵਿੱਚ ਵੀ ਕੋਈ ਫੇਰਬਦਲ ਹੋ ਸਕਦਾ ਹੈ, ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰ ਸਕਿਆ।
ਮਹਿਮਾਨਾਂ ਦੀ ਗਿਣਤੀ ਸੀਮਤ ਕੀਤੀ
ਰਾਜ ਭਵਨ ਵਿੱਚ ਹੋੋਣ ਵਾਲੇ ਸਹੁੰ ਚੁੱਕ ਸਮਾਗਮਾਂ ਵਿੱਚ ਵੱਧ ਤੋਂ ਵੱਧ 300 ਲੋਕ ਜੁੜ ਸਕਣਗੇ। ਰਾਜਪਾਲ ਪੰਜਾਬ ਕੋਵਿਡ ਪ੍ਰੋਟੋਕੋਲ ਦਾ ਪਾਲਣ ਸਖ਼ਤੀ ਨਾਲ ਕਰ ਰਹੇ ਹਨ, ਜਿਸ ਵਜੋਂ ਹਰ ਵਜ਼ੀਰ ਨੂੰ ਛੇ-ਛੇ ਮਹਿਮਾਨ ਤੇ ਉਪ ਮੁੱਖ ਮੰਤਰੀਆਂ ਨੂੰ ਦਸ-ਦਸ ਮਹਿਮਾਨ ਲਿਆਉਣ ਲਈ ਕਿਹਾ ਹੈ। ਨਵਜੋਤ ਸਿੱਧੂ ਨੂੰ ਵੀ ਦਸ ਮਹਿਮਾਨ ਲਿਆਉਣ ਲਈ ਕਿਹਾ ਹੈ। ਨਵੇਂ ਰਾਜਪਾਲ ਕਾਫੀ ਸਖ਼ਤ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਰੋਹ ਵਾਲੇ ਦਿਨ ਵੀ ਰਾਹੁਲ ਗਾਂਧੀ ਦੀ ਆਮਦ ਤੋਂ ਪਹਿਲਾਂ ਹੀ ਸਹੁੰ ਚੁਕਾ ਦਿੱਤੀ ਸੀ।