ਆਤਿਸ਼ ਗੁਪਤਾ
ਚੰਡੀਗੜ੍ਹ, 31 ਮਾਰਚ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਕੌਮੀ ਮਾਰਗਾਂ ’ਤੇ ਸਥਿਤ ਟੌਲ ਪਲਾਜ਼ਿਆਂ ਲਈ ਜਾਰੀ ਕੀਤੀਆਂ ਨਵੀਆਂ ਦਰਾਂ ਵੀਰਵਾਰ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਪੰਜਾਬ ਤੇ ਹਰਿਆਣਾ ਵਿੱਚੋਂ ਕੌਮੀ ਮਾਰਗ ਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ 10 ਤੋਂ 18 ਫ਼ੀਸਦ ਤੱਕ ਵਾਧੂ ਟੌਲ ਟੈਕਸ ਦੇਣਾ ਪਵੇਗਾ। ਇਸ ਫ਼ੈਸਲੇ ਦਾ ਅਸਰ ਪੰਜਾਬ ਦੇ 11 ਟੌਲ ਪਲਾਜ਼ਿਆਂ ’ਤੇ ਦੇਖਣ ਨੂੰ ਮਿਲੇਗਾ, ਜਿੱਥੇ 10 ਤੋਂ 65 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਲੁਧਿਆਣਾ-ਜਗਰਾਉਂ ਸੜਕ ਸਥਿਤ ਟੌਲ ਪਲਾਜ਼ਾ, ਲੁਧਿਆਣਾ ਸਾਉਥ-ਲਾਡੋਵਾਲ ਟੌਲ ਪਲਾਜ਼ਾ ਤੋਂ ਇਲਾਵਾ ਬਠਿੰਡਾ-ਚੰਡੀਗੜ੍ਹ ਕੌਮੀ ਸੜਕ ’ਤੇ ਪੰਜ ਟੌਲ ਪਲਾਜ਼ੇ, ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਤਿੰਨ ਅਤੇ ਬਠਿੰਡਾ-ਮਲੋਟ ਕੌਮੀ ਸੜਕ ’ਤੇ ਇਕ ਟੌਲ ਪਲਾਜ਼ੇ ’ਤੇ ਪਹਿਲਾਂ ਦੇ ਮੁਕਾਬਲੇ ਵੱਧ ਟੌਲ ਟੈਕਸ ਦੀ ਅਦਾਇਗੀ ਕਰਨੀ ਪਵੇਗੀ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਟੌਲ ਦਰਾਂ ਦੇ ਵਾਧੇ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਇਸ ਵਾਧੇ ਖਿਲਾਫ਼ ਮੁੜ ਤੋਂ ਸੰਘਰਸ਼ ਕਰਨ ਦੇ ਰੌਂਅ ’ਚ ਹਨ। ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਟੌਲ ਦਰਾਂ ਦੇ ਸੰਭਾਵੀ ਵਾਧੇ ਨੂੰ ਗ਼ੈਰਵਾਜਬ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਹੋਰ ਕਿਸਾਨ ਜਥੇਬੰਦੀਆਂ ਨਾਲ ਸਲਾਹ ਕਰਕੇ ਟੌਲ ਦਰਾਂ ’ਚ ਵਾਧੇ ਖਿਲਾਫ਼ ਮੁੜ ਤੋਂ ਟੌਲ ਪਲਾਜ਼ਿਆਂ ’ਤੇ ਧਰਨੇ ਦੇਵੇਗੀ।