ਚੰਡੀਗੜ੍ਹ/ਨਵੀਂ ਦਿੱਲੀ/ਸ੍ਰੀਨਗਰ, 31 ਦਸੰਬਰ
ਮੁੱਖ ਅੰਸ਼
- ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ’ਚ ਪਾਰਾ ਡਿੱਗਿਆ
- ਕਸ਼ਮੀਰ ਦੇ ਘੱਟੋ ਘੱਟ ਤਾਪਮਾਨ ’ਚ ਮਾਮੂਲੀ ਵਾਧਾ ਦਰਜ
ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਅੱਜ ਵੀ ਕੜਾਕੇ ਦੀ ਠੰਢ ਰਹੀ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਦਰਜ ਕੀਤਾ ਗਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ, ਲੁਧਿਆਣਾ ’ਚ 4.8 ਡਿਗਰੀ, ਪਟਿਆਲਾ ’ਚ 2.8, ਰੂਪਨਗਰ ’ਚ 4.8, ਫਰੀਦਕੋਟ ’ਚ 4.8, ਗੁਰਦਾਸਪੁਰ ’ਚ 4.3 ਅਤੇ ਜਲੰਧਰ ’ਚ ਘੱਟੋ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ’ਚ ਘੱਟੋ ਘੱਟ ਤਾਪਮਾਨ 2.2 ਡਿਗਰੀ, ਕਰਨਾਲ ’ਚ 4.2, ਰੋਹਤਕ ’ਚ 4.2, ਗੁਰੂਗ੍ਰਾਮ ’ਚ 5, ਫਤਿਹਾਬਾਦ ’ਚ 4.3, ਪੰਚਕੂਲਾ ’ਚ 4.8 ਅਤੇ ਭਿਵਾਨੀ ’ਚ ਘੱਟੋ ਘੱਟ ਤਾਪਮਾਨ 4.9 ਡਿਗਰੀ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਕੌਮੀ ਰਾਜਧਾਨੀ ਦਿੱਲੀ ’ਚ ਵੀ ਸੀਤ ਲਹਿਰ ਪੂਰੇ ਜ਼ੋਰਾਂ ’ਤੇ ਰਹੀ ਤੇ ਘੱਟੋ ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਰਿਹਾ। ਉੱਧਰ ਕਸ਼ਮੀਰ ’ਚ ਘੱਟੋ ਘੱਟ ਤਾਪਮਾਨ ’ਚ ਮਾਮੂਲੀ ਵਾਧਾ ਹੋਣ ਨਾਲ ਇੱਥੋਂ ਦੇ ਲੋਕਾਂ ਨੂੰ ਹੱਡ ਚੀਰਵੀਂ ਠੰਢ ਤੋਂ ਥੋੜੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਬੱਦਲ ਛਾਏ ਰਹਿਣ ਕਾਰਨ ਦਿਨ ’ਚ ਠੰਢ ਅਤੇ ਰਾਤ ਦੇ ਤਾਪਮਾਨ ’ਚ ਵਾਧੇ ਦੀ ਪੇਸ਼ੀਨਗੋਈ ਕੀਤੀ ਹੈ। ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ 3.0 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫੀ 9.0 ਡਿਗਰੀ, ਪਹਿਲਗਾਮ ’ਚ ਮਨਫੀ 6.6, ਕਾਜ਼ੀਗੁੰਡ ’ਚ 3.0 ਡਿਗਰੀ, ਦੱਖਣੀ ਕਸ਼ਮੀਰ ਦੇ ਕੋਕਰਨਾਗ ’ਚ ਮਨਫੀ 3.3, ਕੁਪਵਾੜਾ ’ਚ 2.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
ਜੈਪੁਰ: ਰਾਜਸਥਾਨ ਦੇ ਕਈ ਇਲਾਕੇ ਸੀਤ ਲਹਿਰ ਦੀ ਲਪੇਟ ’ਚ ਹਨ। ਚੁਰੂ ਦੇ ਫਤਹਿਪੁਰ ’ਚ ਘੱਟੋ ਘੱਟ ਤਾਪਮਾਨ 0.7 ਡਿਗਰੀ ਦਰਜ ਕੀਤਾ ਗਿਆ ਜੋ ਸੂਬੇ ਦਾ ਸਭ ਤੋਂ ਠੰਢਾ ਸਥਾਨ ਰਿਹਾ। ਮੌਸਮ ਵਿਭਾਗ ਅਨੁਸਾਰ ਕਰੌਲੀ ਦਾ ਘੱਟੋ ਘੱਟ ਤਾਪਮਾਨ 1.1 ਡਿਗਰੀ, ਅਲਵਰ ’ਚ 2.5, ਹਨੂਮਾਨਗੜ੍ਹ ਦੇ ਸੰਗਰੀਆ ’ਚ 2.9 ਡਿਗਰੀ ਤੇ ਚੁਰੂ ’ਚ ਘੱਟੋ ਘੱਟ ਤਾਪਮਾਨ 3.2 ਡਿਗਰੀ ਰਿਹਾ। -ਪੀਟੀਆਈ