ਕੁਲਦੀਪ ਿਸੰਘ
ਚੰਡੀਗੜ੍ਹ, 11 ਸਤੰਬਰ
ਸਿੱਖਿਆ ਵਿਭਾਗ ਪੰਜਾਬ ਵਿੱਚ ਨਵ-ਨਿਯੁਕਤ ਤਰੱਕੀ ਪ੍ਰਾਪਤ ਲੈਕਚਰਾਰਾਂ ਨੂੰ ਦੂਰ-ਦੁਰਾਡੇ ਦੇ ਸਟੇਸ਼ਨਾਂ ਉੱਤੇ ਜਬਰੀ ਭੇਜਣ ਦੀ ਚਰਚਾ ਜ਼ੋਰਾਂ ’ਤੇ ਹੈ।
ਮਿਲੀ ਜਾਣਕਾਰੀ ਮੁਤਾਬਕ ਵਿਭਾਗੀ ਅਧਿਆਕਾਰੀਆਂ ਨੇ ਤਰੱਕੀ ਪ੍ਰਾਪਤ ਲੈਕਚਰਾਰਾਂ ਨੂੰ ਸਟੇਸ਼ਨ ਦੀ ਚੋਣ ਕਰ ਕੇ ਸਹਿਮਤੀ ਦੇਣ ਦੇ ਬਾਵਜੂਦ ਤਰੱਕੀਆਂ ਤੋਂ ਵਾਂਝੇ ਕਰਨ ਦੀਆਂ ਧਮਕੀਆਂ ਦੇ ਕੇ 80 ਤੋਂ 100 ਕਿਲੋਮੀਟਰ ਦੂਰ ਵਾਲੇ ਸਟੇਸ਼ਨਾਂ ’ਤੇ ਭੇਜ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੋਰਟਲ ’ਤੇ ਆਪਸ਼ਨਾਂ ਭਰਨ ਵਾਲੇ ਲੈਕਚਰਾਰਾਂ ਨੂੰ ਵੀ ਦੂਰ-ਦੁਰਾਡੇ ਸਟੇਸ਼ਨਾਂ ’ਤੇ ਭੇਜ ਦਿੱਤਾ ਗਿਆ ਅਤੇ ਮਹਿਲਾ ਲੈਕਚਰਾਰਾਂ ਨੂੰ ਵੀ ਨੇੜਲੇ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਅਜਿਹੀ ਸਥਿਤੀ ਵਿੱਚ ਫਸੇ ਕਈ ਨਵ-ਨਿਯੁਕਤ ਲੈਕਚਰਾਰਾਂ ਨੂੰ 25-26 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਮਿਲੀ ਇਹ ਤਰੱਕੀ ਫਿਲਹਾਲ ਸਜ਼ਾ ਵਾਂਗ ਲੱਗ ਰਹੀ ਹੈ। ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਆਸਾਮੀਆਂ ਖਾਲੀ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਪੋਰਟਲ ’ਤੇ ਦਰਸਾਇਆ ਨਹੀਂ ਗਿਆ ਤਾਂ ਜੋ ਕੋਈ ਵੀ ਲੈਕਚਰਾਰ ਨੇੜਲੀ ਆਪਸ਼ਨ ਨਾ ਚੁਣ ਸਕੇ। ਮੰਨਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਵੱਲੋਂ ਆਪਣੇ ਚਹੇਤਿਆਂ ਨੂੰ ਤਾਇਨਾਤ ਕਰਨ ਲਈ ਅਜਿਹਾ ਕੀਤਾ ਗਿਆ ਹੈ। ਇਨ੍ਹਾਂ ਤਰੱਕੀ ਪ੍ਰਾਪਤ ਨਵ-ਨਿਯੁਕਤ ਲੈਕਚਰਾਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨੇੜਲੇ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਜਾਵੇ। ਦੂਜੇ ਪਾਸੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸਰਪ੍ਰਸਤ ਹਾਕਮ ਸਿੰਘ, ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਸਿੱਖਿਆ ਮੰਤਰੀ ਪੰਜਾਬ, ਸਕੱਤਰ ਸਕੂਲ ਸਿੱਖਿਆ ਅਤੇ ਡੀਪੀਆਈ ਕੋਲੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਬਦਲੀ ਦੇ ਨਿਯਮ ਕਾਨੂੰਨਾਂ ਵਿੱਚ ਸੋਧ ਕਰਕੇ ਦੂਰ-ਦੁਰਾਡੇ ਜਬਰੀ ਤਾਇਨਾਤ ਕੀਤੇ ਲੈਕਚਰਾਰਾਂ ਨੂੰ ਨੇੜਲੇ ਸਟੇਸ਼ਨਾਂ ’ਤੇ ਤਾਇਨਾਤ ਕਰੇ ਤਾਂ ਜੋ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ।
ਪਾਰਦਰਸ਼ੀ ਢੰਗ ਨਾਲ ਕੀਤੀ ਤਾਇਨਾਤੀ: ਡੀਪੀਆਈ
ਇਸ ਸਬੰਧੀ ਡੀਪੀਆਈ, ਸੈਕੰਡਰੀ ਸਿੱਖਿਆ ਕੁਲਜੀਤ ਪਾਲ ਸਿੰਘ ਮਾਹੀ ਨੇ ਕਿਹਾ ਕਿ ਨਵ-ਨਿਯੁਕਤ ਲੈਕਚਰਾਰਾਂ ਦੀ ਤਾਇਨਾਤੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ ਅਤੇ ਪੋਰਟਲ ’ਤੇ ਵੀ ਸਾਰੇ ਸਟੇਸ਼ਨ ਦਰਸਾਏ ਗਏ ਹਨ। ਕਿਸੇ ਵੀ ਸਟੇਸ਼ਨ ਦੀ ਆਪਸ਼ਨ ਨਾ ਭਰਨ ਵਾਲੇ ਲੈਕਚਰਾਰ ਲਈ ਪੋਰਟਲ ਖੁਦ ਸਟੇਸ਼ਨ ਅਲਾਟ ਕਰ ਦਿੰਦਾ ਹੈ। ਫਿਰ ਵੀ ਇਸ ਬਾਰੇ ਪਤਾ ਕੀਤਾ ਜਾਵੇਗਾ ਅਤੇ ਜੇਕਰ ਕਿਧਰੇ ਕੋਈ ਗੜਬੜ ਹੋਈ ਹੈ ਤਾਂ ਉਸ ਨੂੰ ਸੁਧਾਰਿਆ ਜਾਵੇਗਾ।