ਗਗਨਦੀਪ ਅਰੋੜਾ
ਲੁਧਿਆਣਾ, 10 ਮਈ
ਪਿਛਲੇ ਕਈ ਦਿਨਾਂ ਤੋਂ ਆਪਣੀ ਮੰਗਾਂ ਲੈ ਕੇ ਹੜਤਾਲ ’ਤੇ ਚੱਲ ਰਹੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਮੁਲਾਜ਼ਮਾਂ ’ਤੇ ਅੱਜ ਵੱਡੀ ਕਾਰਵਾਈ ਕਰਦਿਆਂ ਐੱਨਐੱਚਐੱਮ ਦੇ ਮਿਸ਼ਨ ਡਾਇਰੈਕਟਰ ਨੇ ਹੜਤਾਲੀ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਇਹ ਹੁਕਮ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਭੇਜਦਿਆਂ ਇਹ ਵੀ ਆਖਿਆ ਹੈ ਕਿ ਇਨ੍ਹਾਂ ਦੀ ਥਾਂ ਇੱਕ ਹਜ਼ਾਰ ਰੁਪਏ ਰੋਜ਼ਾਨਾ ਦੇ ਖ਼ਰਚੇ ’ਤੇ ਨਵੇਂ ਵਾਲੰਟੀਅਰ ਰੱਖੇ ਜਾਣ। ਵਿਭਾਗ ਨੇ ਅੱਜ ਕਾਰਵਾਈ ਕਰਦਿਆਂ ਲਿੱਖਿਆ ਹੈ ਕਿ ਹੜਤਾਲ ’ਤੇ ਗਏ ਮੁਲਾਜ਼ਮਾਂ ਨੂੰ ਪਹਿਲਾਂ 4 ਮਈ, ਫਿਰ 8 ਮਈ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ। ਉਸ ਤੋਂ ਬਾਅਦ 9 ਮਈ ਨੂੰ ਆਖ਼ਰੀ ਚਿਤਾਵਨੀ ਦਿੱਤੀ ਗਈ ਸੀ ਕਿ ਕਰੋਨਾ ਦੇ ਹਾਲਾਤ ਨੂੰ ਦੇਖਦਿਆਂ ਮੁਲਾਜ਼ਮ 10 ਮਈ ਨੂੰ ਸਵੇਰੇ 10 ਵਜੇ ਤੱਕ ਡਿਊਟੀ ਜੁਆਇਨ ਕਰ ਲੈਣ, ਪਰ ਫਿਰ ਵੀ ਬਹੁਤੇ ਮੁਲਾਜ਼ਮ ਹੜਤਾਲ ’ਤੇ ਹੀ ਬੈਠੇ ਰਹੇ। ਇਸ ਤੋਂ ਬਾਅਦ ਦੇਰ ਸ਼ਾਮ ਮਿਸ਼ਨ ਦੇ ਡਾਇਰੈਕਟਰ ਨੇ ਹੜਤਾਲ ’ਤੇ ਚੱਲ ਰਹੇ ਸਾਰੇ ਹੀ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉੱਧਰ ਐੱਨਐੱਚਐੱਮ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਕਿਰਨਜੀਤ ਕੌਰ ਨੇ ਕਿਹਾ ਕਿ ਸਰਕਾਰ ਸਿੱਧੇ ਤੌਰ ’ਤੇ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮ ਕਰੋਨਾ ਦੌਰ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਹੁਕਮ ਜਾਰੀ ਕਰੇ, ਪਰ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।