ਦਰਸ਼ਨ ਸਿੰਘ ਸੋਢੀ
ਮੁਹਾਲੀ, 18 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਪੰਜਾਬ, ਦਿੱਲੀ, ਹਰਿਆਣਾ ਤੇ ਰਾਜਸਥਾਨ ‘ਚ 40 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਅਤਿਵਾਦੀਆਂ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਉਭਰ ਰਹੇ ਗੱਠਜੋੜ ਨੂੰ ਖਤਮ ਕਰਨ ਲਈ ਕੀਤੀ ਗਈ ਹੈ।
ਐੱਨਆਈਏ ਨੇ ਉਨ੍ਹਾਂ ਵਕੀਲਾਂ ਦੇ ਘਰਾਂ ਵਿੱਚ ਵੀ ਦਸਤਕ ਦਿੱਤੀ, ਜਿਹੜੇ ਵਕੀਲ ਗੈਂਗਸਟਰਾਂ ਦੇ ਕੇਸ ਲੜ ਰਹੇ ਹਨ। ਜਾਂਚ ਟੀਮ ਅੱਜ ਸਵੇਰੇ ਕਰੀਬ 6 ਵਜੇ ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਪਹੁੰਚੀ ਅਤੇ ਮਹਿਲਾ ਵਕੀਲ ਤੋਂ ਕਰੀਬ ਤਿੰਨ ਘੰਟੇ ਪੁੱਛ ਪੜਛਾਲ ਕੀਤੀ। ਐੱਨਆਈਏ ਦੀ ਟੀਮ ਵਕੀਲ ਦਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਜਾਂਚ ਏਜੰਸੀ ਨੇ ਡਰੋਨ ਮਾਮਲੇ ‘ਚ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਸਮੇਤ ਕਈ ਥਾਵਾਂ ‘ਤੇ ਤਲਾਸ਼ੀ ਲਈ ਸੀ। ਐੱਨਆਈਏ ਮੁਤਾਬਕ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਿਛਲੇ ਨੌਂ ਮਹੀਨਿਆਂ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਤੋਂ 191 ਡਰੋਨ ਆਏ ਹਨ। ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇਹ ਬਹੁਤ ਚਿੰਤਾਜਨਕ ਸਥਿਤੀ ਹੈ।