ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 17 ਜਨਵਰੀ
ਕਿਸਾਨ ਅੰਦੋਲਨ ਦੇ ਚੱਲਦਿਆਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮੁਕਤਸਰ ਦੇ ਭਾਈ ਕਰਤਾਰ ਸਿੰਘ ਸਟਰੀਟ ਦੇ ਵਸਨੀਕ ਪੱਤਰਕਾਰ ਜਸਵੀਰ ਸਿੰਘ ਖਾਲਸਾ ਨੂੰ ਏਜੰਸੀ ਦੇ ਲੋਧੀ ਰੋਡ ਸਥਿਤ ਮੁੱਖ ਦਫ਼ਤਰ ਵਿੱਚ 18 ਜਨਵਰੀ ਨੂੰ ਸੱਦਿਆ ਹੈ। ਜਸਵੀਰ ਸਿੰਘ ਨੂੰ ਇੰਸਪੈਕਟਰ ਆਫ ਪੁਲੀਸ ਰਵੀ ਰੰਜਨ ਦੇ ਦਸਤਖਤਾਂ ਹੇਠ ਸੰਮਨ ਜਾਰੀ ਕੀਤੇ ਗਏ ਹਨ। ਜਸਵੀਰ ਸਿੰਘ ਸੋਸ਼ਲ ਮੀਡੀਆ ਚੈਨਲ ‘ਯੂਕੇ’ ਦੇ ਪੰਜਾਬੀ ਚੈਨਲ ‘ਕੇਟੀਵੀ’ ਦੀ ਪੱਤਰਕਾਰੀ ਦੇ ਨਾਲ ਨਾਲ ਕਈ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ। ਉਹ ਪਿਛਲੇ ਦਿਨੀਂ ਦਿੱਲੀ ਹੱਦ ’ਤੇ ਕਿਸਾਨ ਅੰਦੋਲਨ ਦੀ ਰਿਪੋਰਟਿੰਗ ਕਰ ਕੇ ਆਇਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 10 ਨਿਊ ਗੋਬਿੰਦ ਨਗਰੀ ਮਲੋਟ ਦੇ ਜਸਕਰਨ ਸਿੰਘ ਨੂੰ ਵੀ ਐੱਨਆਈਏ ਨੇ ਸੰਮਨ ਜਾਰੀ ਕੀਤਾ ਹੈ। ਉਹ ਡੀਸੀ ਦਫ਼ਤਰ ਫਾਜ਼ਿਲਕਾ ਵਿੱਚ ਨੌਕਰੀ ਕਰਦਾ ਹੈ।