ਨਵੀਂ ਦਿੱਲੀ, 16 ਜਨਵਰੀ
ਕੌਮੀ ਜਾਂਚ ਏਜੰਸੀ ਨੇ ਚਾਣਚੱਕ ਕੀਤੀ ਕਾਰਵਾਈ ਤਹਿਤ ਕਿਸਾਨ ਸੰਘਰਸ਼ ਨਾਲ ਜੁੜੇ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸੰਮਨ ਭੇਜ ਕੇ ਦਿੱਲੀ ਤਲਬ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਸਿੱਖਸ ਫਾਰ ਜਸਟਿਸ ਨਾਲ ਜੁੜੇ ਕੇਸ ਦੇ ਸਬੰਧ ’ਚ ਇਨ੍ਹਾਂ ਨੂੰ ਅਗਲੇ ਦਿਨੀਂ ਵੱਖ ਵੱਖ ਤਰੀਕਾਂ ’ਤੇ ਦਿੱਲੀ ਸੱਦਿਆ ਗਿਆ ਹੈ। ਐੱਨਆਈਏ ਸੰਮਨ ਕੀਤੇ ਆਗੂਆਂ ਵਿੱਚ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਜਸਬੀਰ ਸਿੰਘ ਰੋਡੇ, ਪੱਤਰਕਾਰ ਬਲਤੇਜ ਪੰਨੂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਪਰਮਜੀਤ ਸਿੰਘ ਅਕਾਲੀ, ਜਗਸੀਰ ਸਿੰਘ ਮੌੜ ਤੇ ਸੁਰਿੰਦਰ ਸਿੰਘ ਠੀਕਰੀਵਾਲਾ ਆਦਿ ਸ਼ਾਮਲ ਹਨ। ਐੱਨਆਈਏ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਖ਼ਬਰ ਏਜੰਸੀ ‘ਆਈਏਐੱਨਐੱਸ’ ਨੂੰ ਦੱਸਿਆ ਕਿ ਪੁੱਛਗਿੱਛ ਲਈ ਦਰਜਨ ਤੋਂ ਵੱਧ ਲੋਕਾਂ ਨੂੰ ਸੱਦਿਆ ਗਿਆ ਹੈ। ਅਧਿਕਾਰੀ ਨੇ ਕਿਹਾ ਇਨ੍ਹਾਂ ਸਾਰਿਆਂ ਨੂੰ ਗਵਾਹ ਵਜੋਂ ਸੱਦਿਆ ਗਿਆ ਹੈ ਤੇ ਇਨ੍ਹਾਂ ਕੋਲੋਂ ਐੱਸਐੱਫਜੇ ਖ਼ਿਲਾਫ਼ ਕੇਸ ’ਚ ਕੁਝ ਤਫ਼ਸੀਲ ਲੈਣੀ ਹੈ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੰਮ੍ਰਿਤਸਰ ਦੇ ਦੋ ਸਿੱਖ ਨੌਜਵਾਨਾਂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਪਰਮਜੀਤ ਸਿੰਘ ਅਕਾਲੀ ਨੂੰ ਸੰਮਨ ਭੇਜ ਕੇ ਪੁੱਛ ਪੜਤਾਲ ਲਈ ਦਿੱਲੀ ਸੱਦਿਆ ਹੈ।
ਇਨ੍ਹਾਂ ਨੂੰ ਇਹ ਸੰਮਨ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਭੇਜੇ ਗਏ ਹਨ। ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਖਿਆ ਕਿ ਉਸ ਨੂੰ ਇਹ ਸੰਮਨ ਸ਼ੁੱਕਰਵਾਰ ਨੂੰ ਪ੍ਰਾਪਤ ਹੋਇਆ, ਜਿਸ ’ਚ ਉਸ ਨੂੰ 21 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ, ਜਿੱਥੇ ਕਿਸਾਨਾਂ ਨੂੰ ਪੁਸਤਕਾਂ ਅਤੇ ਦਸਤਾਰਾਂ ਵੰਡੀਆਂ ਸਨ। ਇਸ ਕੇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਸਿੱਖ ਯੂਥ ਪਾਵਰ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਸ ਨੂੰ 18 ਜਨਵਰੀ ਨੂੰ ਪੇਸ਼ ਹੋਣ ਲਈ ਸੰਮਨ ਮਿਲੇ ਹਨ। ਉਸ ਦੀ ਜਥੇਬੰਦੀ ਦੇ ਕੁਝ ਹੋਰ ਸਾਥੀਆਂ ਐੱਸਵਾਈਪੀਪੀ ਦੇ ਪ੍ਰਦੀਪ ਸਿੰਘ, ਪਲਵਿੰਦਰ ਸਿੰਘ ਸਮੇਤ ਕਈ ਹੋਰ ਸਿੱਖਾਂ ਨੂੰ ਵੀ ਸੰਮਨ ਮਿਲੇ ਹਨ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਬਰਨਾਲਾ ਦੇ ਪਿੰਡ ਮੌੜ ਨਾਭਾ ਦੇ ਜਗਸੀਰ ਸਿੰਘ ਮੌੜ ਅਤੇ ਠੀਕਰੀਵਾਲਾ ਦੇ ਸੁਰਿੰਦਰ ਸਿੰਘ ਠੀਕਰੀਵਾਲਾ ਨੂੰ ਵੀ ਸੰਮਨ ਮਿਲੇ ਹਨ। ਜਗਸੀਰ ਸਿੰਘ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਮੁਖੀ ਹਨ ਜਦੋਂਕਿ ਸੁਰਿੰਦਰ ਸਿੰਘ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਹਨ। ਜਗਸੀਰ ਸਿੰਘ ਤੇ ਸੁਰਿੰਦਰ ਸਿੰਘ ਨੂੰ ਕ੍ਰਮਵਾਰ 17 ਤੇ18 ਜਨਵਰੀ ਨੂੰ ਦਿੱਲੀ ਐਨਆਈਏ ਦੇ ਦਫ਼ਤਰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਉਸ ਨੇ ਪਿਛਲੇ ਦਿਨੀਂ ਦਿੱਲੀ ਮੋਰਚੇ ਦੀ ਮਦਦ ਲਈ ਗਰਮ ਕੱਪੜੇ, ਗੀਜ਼ਰ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਸੀ। ਉਧਰ ਸੁਰਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਦਿੱਲੀ ਮੋਰਚੇ ਵਿੱਚ ਡਟਿਆ ਹੋਇਆ ਹੈ। 18 ਜਨਵਰੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਦਿੱਲੀ ਜਾਵੇਗਾ।
ਜਲੰਧਰ(ਪਾਲ ਸਿੰਘ ਨੌਲੀ): ਐੱਨਆਈਏ ਨੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਜਸਬੀਰ ਸਿੰਘ ਰੋਡੇ ਨੂੰ ਵੀ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਨੋਟਿਸ ਕੱਢਦਿਆਂ 18 ਜਨਵਰੀ ਨੂੰ ਸਵੇਰੇ 10 ਵਜੇ ਏਜੰਸੀ ਦੇ ਹੈੱਡ-ਕੁਆਰਟਰ ਲੋਧੀ ਰੋਡ, ਨਵੀਂ ਦਿੱਲੀ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਐੱਨਆਈਏ ਅੱਗੇ ਨਹੀਂ ਪੇਸ਼ ਹੋਣਗੇ ਬਲਦੇਵ ਸਿੰਘ ਸਿਰਸਾ
ਅੰਮ੍ਰਿਤਸਰ(ਟਨਸ): ਦਿੱਲੀ ਧਰਨਾ ਲਾਈ ਬੈਠੀਆਂ ਪੰਜਾਬ ਨਾਲ ਸਬੰਧਤ 32 ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਐੱਨਆਈਏ ਕੋਲ ਭਲਕੇ 17 ਜਨਵਰੀ ਨੂੰ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਨੇ ਐੱਨਆਈਏ ਵੱਲੋਂ ਭੇਜੇ ਨੋਟਿਸ ਦੇ ਆਧਾਰ ’ਤੇ ਕਿਸੇ ਵੀ ਜਾਂਚ ਵਿਚ ਸ਼ਾਮਲ ਹੋਣ ਤੋਂ ਮਨ੍ਹਾਂ ਕੀਤਾ ਹੈ, ਲਿਹਾਜ਼ਾ ਉਹ ਅਜਿਹੀ ਕਿਸੇ ਜਾਂਚ ਵਿੱਚ ਸ਼ਾਮਲ ਨਹੀਂ ਹੋਣਗੇ। ਸਿਰਸਾ ਨੇ ਕਿਹਾ ਕਿ ਭਲਕੇ ਉਨ੍ਹਾਂ ਦਾ ਕੋਈ ਪਰਿਵਾਰਕ ਰੁਝੇਵਾਂ ਵੀ ਹੈ , ਜਿਸ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਜ਼ਰੂਰੀ ਹੈ।
ਕਿਸਾਨ ਜਥੇਬੰਦੀਆਂ ਨੇ ਡੋਵਾਲ ਸਿਰ ਭਾਂਡਾ ਭੰਨਿਆ
ਜਲੰਧਰ(ਪਾਲ ਸਿੰਘ ਨੌਲੀ): ਕਿਸਾਨ ਜਥੇਬੰਦੀਆਂ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਐੱਨਆਈਏ ਵੱਲੋਂ ਭੇਜੇ ਸੰਮਨਾਂ ਪਿੱਛੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਹੱਥ ਦੱਸਿਆ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਲਈ ਐੱਨਐੱਸਏ ਦੇ ਇਸ਼ਾਰੇ ’ਤੇ ਇਹ ਨੋਟਿਸ ਭੇਜੇ ਜਾ ਰਹੇ ਹਨ। ਬੀਕੇਯੂ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਵਾਈਸ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਅਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਅਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਚਾਲਾਂ ਫੇਲ੍ਹ ਹੋ ਚੁੱਕੀਆਂ ਹਨ। ਜਥੇਬੰਦੀਆਂ ਨੇ ਪੰਜਾਬ ਅਸੈਂਬਲੀ ਦਾ ਇਜਲਾਸ ਬੁਲਾ ਕੇ ਕੌਮੀ ਜਾਂਚ ਏਜੰਸੀ ਦੀ ਗੈਰ-ਸੰਵਿਧਾਨਕ ਬਣਤਰ ਨੂੰ ਰੱਦ ਕਰਨ ਦਾ ਮਤਾ ਪਾਉਣ ਦੀ ਮੰਗ ਕੀਤੀ ਹੈ।