ਦਰਸ਼ਨ ਸਿੰਘ ਮਿੱਠਾ
ਫਤਹਿਗੜ੍ਹ ਸਾਹਿਬ, 1 ਸਤੰਬਰ
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਰਫ਼ਿਊ ਦੀ ਮਿਆਦ 30 ਸਤੰਬਰ ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਾਗੂ ਰਹੇਗਾ। ਇਸ ਸਮੇਂ ਦੌਰਾਨ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ਤੋਂ ਘਰੋਂ ਬਾਹਰ ਨਹੀਂ ਜਾ ਸਕੇਗਾ। ਊਨ੍ਹਾਂ ਕਿਹਾ ਕਿ ਲੋਕਾਂ ਜਾਂ ਵਿਦਿਆਰਥੀਆਂ ਜੋ ਕਿਸੇ ਵੀ ਤਰ੍ਹਾਂ ਦੇ ਇਮਤਿਹਾਨ, ਦਾਖ਼ਲੇ ਜਾਂ ਐਂਟਰੈਂਸ ਟੈੱਸਟ ’ਤੇ ਪਾਬੰਦੀ ਨਹੀਂ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਸ਼੍ੀਮਤੀ ਗਿੱਲ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਦੁਕਾਨਾਂ ਤੇ ਮਾਲਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 06:30 ਵਜੇ ਤੱਕ ਖੁੱਲ੍ਹੇ ਰਹਿਣਗੇ ਜਦੋਂ ਕਿ ਸ਼ਨੀਵਾਰ ਤੇ ਐਤਵਾਰ ਨੂੰ ਇਹ ਬੰਦ ਰਹਿਣਗੇ। ਇਸੇ ਤਰ੍ਹਾਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ/ਮਾਲਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਇਹ ਵੀ ਹੁਕਮ ਦਿੱਤੇ ਹਨ ਕਿ ਧਾਰਮਿਕ ਸਥਾਨ, ਸਪੋਰਟਸ ਕੰਪਲੈਕਸ, ਸਟੇਡੀਅਮ ਤੇ ਜਨਤਕ ਕੰਪਲੈਕਸ ਪੂਰੇ ਹਫ਼ਤੇ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰਹਿਣਗੇ। ਜਦੋਂਕਿ ਰੈਸਟੋਰੈਂਟ (ਸਮੇਤ ਉਹ ਰੈਸਟੋਰੈਂਟ/ਹੋਟਲ ਜੋ ਮਾਲਜ਼ ਵਿੱਚ ਸਥਿਤ ਹਨ) ਸ਼ਾਮ 6:30 ਵਜੇ ਤੱਕ ਖੋਲ੍ਹੇ ਜਾ ਸਕਣਗੇ। ਇਸੇ ਤਰ੍ਹਾਂ ਹੋਟਲ ਖੁੱਲ੍ਹੇ ਰਹਿਣਗੇ ਜਦੋਂ ਕਿ ਸ਼ਰਾਬ ਦੀਆਂ ਦੁਕਾਨਾਂ ਸ਼ਾਮ 6:30 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਵੀ ਦਿੱਤੇ ਹਨ ਕਿ ਚਾਰ ਪਹੀਆ ਵਾਹਨਾਂ ਵਿੱਚ ਕੇਵਲ ਤਿੰਨ ਵਿਅਕਤੀ ਸਮੇਤ ਡਰਾਈਵਰ ਹੀ ਬੈਠ ਸਕਣਗੇ।