ਜਗਮੋਹਨ ਸਿੰਘ
ਰੂਪਨਗਰ, 7 ਸਤੰਬਰ
ਇਥੇ ਸਥਿਤ ਨਾਈਲਿਟ ਨੂੰ ਕੇਂਦਰ ਸਰਕਾਰ ਵੱਲੋਂ ਡੀਮਡ ਟੂ ਬੀ ਯੂਨੀਵਰਸਿਟੀ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਇਸ ਸਬੰਧੀ ਡਾਇਰੈਕਟਰ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨਾਈਲਿਟ) ਰੂਪਨਗਰ ਨੂੰ ਮੰਤਰਾਲੇ ਵੱਲੋਂ ਡੀਮਡ ਟੂ ਬੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ।
ਇਸ ਸਬੰਧੀ ਯੂਜੀਸੀ ਐਕਟ ਦੀ ਧਾਰਾ 3 ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਾਈਲਿਟ ਰੂਪਨਗਰ ਡੀਮਡ ਯੂਨੀਵਰਸਿਟੀ ਦਾ ਮੁੱਖ ਕੈਂਪਸ ਹੋਵੇਗਾ, ਜਿਸ ਦੀਆਂ ਆਈਜ਼ੋਲ, ਅਗਰਤਲਾ, ਔਰੰਗਾਬਾਦ, ਕਾਲੀਕਟ, ਗੋਰਖਪੁਰ, ਇੰਫਾਲ, ਈਟਾਨਗਰ, ਕੇਕਰੀ, ਕੋਹਿਮਾ, ਪਟਨਾ ਅਤੇ ਸ੍ਰੀਨਗਰ ਵਿੱਚ 11 ਸੰਗਠਿਤ ਇਕਾਈਆਂ ਹਨ।
ਉਨ੍ਹਾਂ ਦੱਸਿਆ ਕਿ ਰੂਪਨਗਰ ਕੈਂਪਸ ਦੇ ਤਿੰਨ ਖੇਤਰਾਂ ਵਿੱਚ ਪੀਐੱਚਡੀ, 5 ਐਮਟੈੱਕ ਪ੍ਰੋਗਰਾਮ, ਸੈਂਸਰ ਸਿਸਟਮ, ਆਟੋਮੇਟਿਵ ਇਲੈਕਟ੍ਰਾਨਿਕਸ, ਸਾਈਬਰ ਫੋਰੈਂਸਿਕਸ ਅਤੇ ਸੁਰੱਖਿਆ, ਡੇਟਾ ਇੰਜਨੀਅਰਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ, ਬੀ.ਟੈੱਕ ਅਤੇ 3 ਸਾਲਾ ਡਿਪਲੋਮਾ ਕੋਰਸ ਸੀਐੱਸਈ ਵਿੱਚ ਸੈਸ਼ਨ 2024-25 ਤੋਂ ਦਾਖਲਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਸੈਸ਼ਨਾਂ ਦੌਰਾਨ ਕੋਰਸਾਂ ਤੇ ਪ੍ਰੋਗਰਾਮਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ।