ਦਵਿੰਦਰ ਪਾਲ
ਚੰਡੀਗੜ੍ਹ, 7 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬਾਦਲਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਿਆਸੀ ਸਾਂਝ ਨਾ ਪਾਉਣ ਦਾ ਐਲਾਨ ਕੀਤਾ ਹੈ। ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਨੇ ਸਾਂਝੇ ਬਿਆਨ ਰਾਹੀਂ ਕਿਹਾ, ‘ਅਸੀਂ ਆਪਣੇ ਜਿਉਂਦੇ ਜੀਅ ਕਦੇ ਵੀ ਬਾਦਲਾਂ ਨਾਲ ਸਮਝੌਤਾ ਕਰਕੇ ਅਕਾਲੀ ਦਲ ਵਿੱਚ ਵਾਪਸ ਨਹੀਂ ਜਾਵਾਂਗੇ।’
ਅਕਾਲੀ ਦਲ (ਸੰਯੁਕਤ) ਦੇ ਆਗੂਆਂ ਨੇ ਕਿਹਾ,‘ਅਸੀਂ ਅਕਾਲੀ ਦਲ ਦੇ ਸਿਧਾਂਤਾਂ ’ਤੇ ਪਹਿਰਾ ਦਿੱਤਾ ਹੈ ਅਤੇ ਦਿੰਦੇ ਰਹਾਂਗੇ।’ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਅਤੇ ਵਰਕਰਾਂ ਨੂੰ ਬਾਦਲ ਦਲ ਵੱਲੋਂ ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਦੇ ਮੁੜ ਬਾਦਲ ਦਲ ਵਿੱਚ ਵਾਪਸ ਜਾਣ ਦੀਆਂ ਝੂਠੀਆਂ ਉਡਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਚੇਤ ਰਹਿਣ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਬਾਦਲਾਂ ਦਾ ਅਸਲ ਕਿਰਦਾਰ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆਂ ਸਾਹਮਣੇ ਰੱਖ ਦਿੱਤਾ ਹੈ। ਅਕਾਲੀ ਦਲ ਦੀ ਮੌਜੂਦਾ ਬਦਹਾਲੀ ਵਿੱਚ ਸੁਖਬੀਰ ਬਾਦਲ ਦਾ ਹਾਲ ਉਸ ਲੱਕੜਹਾਰੇ ਵਰਗਾ ਹੈ ਜੋ ਜਿਸ ਟਾਹਣੀ ਉੱਤੇ ਬੈਠਾ ਹੈ ਉਸੇ ਨੂੰ ਹੀ ਵੱਢ ਰਿਹਾ ਹੈ।
ਦੋਵੇਂ ਆਗੂਆਂ ਨੇ ਸੁਖਬੀਰ ਸਿੰਂਘ ਬਾਦਲ ਨੂੰ ਸਾਂਝੇ ਪਲੇਟਫਾਰਮ ’ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 100 ਸਾਲ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਂਮੱਤਾ ਇਤਿਹਾਸ ਹੈ। ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਆਗੂਆਂ ਦੀ ਹੀ ਬਹੁਤਾਤ ਹੁੰਦੀ ਸੀ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ, ਇਸ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀਆਂ ਆਪਹੁਦਰੀਆਂ, ਧੱਕੇਸ਼ਾਹੀਆਂ ਅਤੇ ਤਾਨਾਸ਼ਾਹੀ ਰਵੱਈਏ ਨੇ ਪਾਰਟੀ ਨੂੰ ਇਸ ਕਦਰ ਨੀਵਾਂ ਲਿਆਂਦਾ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ।
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਦਾ ਡਰਾਮਾ ਰਚਣ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੀ ਸ਼ਨਾਖਤ ਨਾ ਕਰ ਸਕਣ, ਬਹਬਿਲ ਕਲਾਂ ਗੋਲੀ ਕਾਂਡ ਦੀ ਅਸਲੀਅਤ ਲੋਕਾਂ ਅੱਗੇ ਨਸ਼ਰ ਨਾ ਕਰਨ, ਟਰਾਂਸਪੋਰਟ, ਰੇਤ, ਕੇਬਲ, ਸ਼ਰਾਬ ਅਤੇ ਹੋਰ ਵੀ ਕਈਂ ਤਰ੍ਹਾਂ ਦੇ ਨਸ਼ਿਆਂ ’ਤੇ ਕਾਬੂ ਨਾ ਪਾ ਸਕਣ ਕਾਰਨ ਪੰਜਾਬ ਦਾ ਜੋ ਨੁਕਸਾਨ ਹੋਇਆ ਹੈ ਇਹ ਨੁਕਸਾਨ ਪੰਜਾਬੀਆਂ ਦੀ ਕਈ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।