ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਵਿੱਚ ਜੋ ਕਰਕੇ ਦਿਖਾਇਆ ਹੈ, ਅਜਿਹਾ ਕੰਮ ਹੁਣ ਤੱਕ ਦੇਸ਼ ਦਾ ਕੋਈ ਵੀ ਮੁੱਖ ਮੰਤਰੀ ਨਹੀਂ ਕਰ ਸਕਿਆ। ਇਨ੍ਹਾਂ 111 ਦਿਨਾਂ ਵਿੱਚ ਚੰਨੀ ਨੇ 100 ਤੋਂ ਵੱਧ ਕੰਮ ਕੀਤੇ ਹਨ, ਜਦਕਿ ਕਈ ਕੰਮਾਂ ਦੀਆਂ ਫਾਈਲਾਂ ਗਵਰਨਰ ਨੇ ਪਾਸ ਨਹੀਂ ਕੀਤੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਰਾਜੀਵ ਸ਼ੁਕਲਾ ਨੇ ਅੱਜ ਇਥੇ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਮੁੱਖ ਮੰਤਰੀ ਦੋਵੇੇਂ ਝੂਠੇ ਆਗੂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਕੰਮ ਸਿਰਫ਼ ਪੰਜ ਰੁਪਏ ਦਾ ਕਰਦੇ ਹਨ ਤੇ ਮਸ਼ਹੂਰੀ 500 ਰੁਪਏ ਦੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਰਾਜੀਵ ਸ਼ੁਕਲਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਬੀਤੇ ਸਮੇਂ ’ਚ ਕਾਫ਼ੀ ਚੰਗਾ ਕੰਮ ਕੀਤਾ ਹੈ। ਇਸ ਕਰਕੇ ਪਾਰਟੀ ਨੇ ਮੁੜ ਉਨ੍ਹਾਂ ’ਤੇ ਭਰੋਸਾ ਕਰਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਝੂਠ ਲੋਕ ਦੇਖ ਚੁੱਕੇ ਹਨ, ਦਿੱਲੀ ਵਿੱਚ ਝੂਠੇ ਵਾਅਦੇ ਕੀਤੇ ਸਨ। ਕਰੋਨਾ ਵਿੱਚ ਲੋਕਾਂ ਨੇ ਦਿੱਲੀ ਵਿੱਚ ‘ਆਪ’ ਦੇ ਦਾਅਵਿਆਂ ਦਾ ਸੱਚਾਈ ਦੇਖ ਲਈ ਹੈ।