ਆਤਿਸ਼ ਗੁਪਤਾ
ਚੰਡੀਗੜ੍ਹ, 7 ਅਗਸਤ
ਇੱਥੇ ਚੰਡੀਗੜ੍ਹ ਦੇ ਸੈਕਟਰ-40 ਸਥਿਤ ਗੁਰਦੁਆਰਾ ਸਾਹਿਬ ਵਿਖੇ ਮਰਹੂੁਮ ਅਥਲੀਟ ਬੇਬੇ ਮਾਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਭਾਰਤ ਦਾ ਨਾਮ ਦੁਨੀਆ ਭਰ ਵਿੱਚ ਚਮਕਾਉਣ ਵਾਲੀ ਅਤੇ ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਐਵਾਰਡ ਨਾਲ ਸਨਮਾਨਿਤ 105 ਸਾਲਾ ਮਾਤਾ ਦੀ ਅੰਤਿਮ ਅਰਦਾਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਸ਼ਰਧਾਂਜਲੀ ਦੇਣਾ ਭੁੱਲ ਗਈ। ਸਰਕਾਰ ਦਾ ਨਾ ਤਾਂ ਕੋਈ ਮੰਤਰੀ ਅਤੇ ਨਾ ਹੀ ਸਥਾਨਕ ਅਧਿਕਾਰੀ ਸ਼ਰਧਾਂਜਲੀ ਦੇਣ ਪੁੱਜਿਆ, ਜਿਸ ਕਾਰਨ ਖੇਡ ਪ੍ਰੇਮੀਆਂ ਵਿੱਚ ਭਾਰੀ ਰੋਸ ਹੈ। ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ, ਮਨਜੀਤ ਸਿੰਘ, ਧੀ ਅੰਮ੍ਰਿਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਸਣੇ ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਸਮਾਜ ਸੇਵੀਆਂ ਨੇ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ ਦਿੱਤੀ। ਕੌਮਾਂਤਰੀ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਨੇ ਬੇਬੇ ਮਾਨ ਕੌਰ ਦੇ ਅੰਤਿਮ ਅਰਦਾਸ ਮੌਕੇ ਕਿਸੇ ਸਰਕਾਰੀ ਅਧਿਕਾਰੀ ਦੇ ਨਾ ਪੁੱਜਣ ਦੀ ਨਿਖੇਧੀ ਕੀਤੀ। ਬਿਰਧ ਅਥਲੀਟ ਬੇੇਬੇ ਮਾਨ ਕੌਰ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ ਹਰਤੇਗਬੀਰ ਸਿੰਘ ਤੇਗੀ ਨੇ ਦੱਸਿਆ ਕਿ ਸਾਲ 2018 ਵਿੱਚ ਬੇਬੇ ਮਾਨ ਕੌਰ ਨੂੰ ਕੈਨੇਡਾ ਨੇ ਰਹਿਣ ਲਈ ਸਪਾਂਸਰਸ਼ਿਪ ਦਿੱਤੀ ਸੀ ਪਰ ਬੀਬੀ ਮਾਨ ਕੌਰ ਨੇ ਆਪਣੇ ਦੇਸ਼ ਲਈ ਕੈਨੇਡਾ ਦੀ ਸਪਾਂਸਰਸ਼ਿਪ ਨੂੰ ਲੱਤ ਮਾਰ ਦਿੱਤੀ ਸੀ।