ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜਨਵਰੀ
ਇੱਥੇ ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਟੁੱਟਣ ਨਾਲ ਭਾਜਪਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ ਸਗੋਂ ਹੁਣ ਭਾਜਪਾ ਇਕ ਵੱਡੀ ਪਾਰਟੀ ਵਜੋਂ ਚੋਣ ਲੜ ਸਕੇਗੀ। ਉਹ ਨਵੇਂ ਵਰ੍ਹੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਇਸ ਮੌਕੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਸ੍ਰੀ ਪੁਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਇਕ ਪਾਸੜ ਗੱਠਜੋੜ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਵੱਡੀ ਗਿਣਤੀ ਹਲਕਿਆਂ ਤੋਂ ਚੋਣ ਲੜਦਾ ਸੀ ਜਦੋਂਕਿ ਭਾਜਪਾ ਸਿਰਫ 23 ਹਲਕਿਆਂ ਤੋਂ ਹੀ ਆਪਣੇ ਉਮੀਦਵਾਰ ਖੜ੍ਹੇ ਕਰਦੀ ਸੀ ਪਰ ਹੁਣ ਸਮਝੌਤਾ ਟੁੱਟਣ ਮਗਰੋਂ ਭਾਜਪਾ ਇਕ ਵੱਡੀ ਪਾਰਟੀ ਵਜੋਂ ਵਧੇਰੇ ਹਲਕਿਆਂ ਤੋਂ ਚੋਣ ਲੜੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਿੱਤ ਪੈਦਾ ਹੋ ਰਹੇ ਵਿਵਾਦਾਂ ਨੂੰ ਉਨ੍ਹਾਂ ਨੇ ਲੋਕਾਂ ਲਈ ‘ਮਨੋਰੰਜਨ’ ਆਖਿਆ।