ਚਰਨਜੀਤ ਭੁੱਲਰ
ਚੰਡੀਗੜ੍ਹ, 18 ਜੁਲਾਈ
ਬਲਿਹਾਰੇ ਜਾਵਾਂ ਜਨਾਬ ਮਹੇਸ਼ਵਰੀ ਤੋਂ। ਦਿੱਲ ਕਰਦੈ ਕਿਤੇ ’ਕੱਲੇ ਮਿਲ ਜਾਣ। ਪਹਿਲਾਂ ਪਵਿੱਤਰ ਚਰਨ ਛੋਹਾਂ, ਫਿਰ ਦਰਸ਼ਨ ਦੀਦਾਰ ਕਰ ਧੰਨ ਹੋਵਾਂ। ਪਿਆਰਾ ਸੱਜਣ ਨਾ ਵੀ ਮਿਲੇ, ਬੱਸ ਚਰਨਾਂ ਦੀ ਧੂੜ ਨਸੀਬ ਹੋ ਜਾਵੇ। ਚਿਰਾਂ ਦੀ ਤਾਂਘ ਮਿਟ ਜਾਏ ਪਰ ਅਸੀਂ ਅਭਾਗੇ ਹਾਂ। ਉਹ ਤਾਂ ਪ੍ਰਭੂ ਦੀ ਮੂਰਤ ਨੇ। ਅਫ਼ਸੋਸ! ਅੱਗਿਓਂ ਟੱਕਰ ਗਏ ਮੂਰਖਾਂ ਦੇ ਜ਼ੈਲਦਾਰ। ਕਿਤੇ ਪਾਰਖੂ ਅੱਖ ਹੁੰਦੀ, ਜਨਾਬ ਦਾ ਮੁੱਲ ਪੈਂਦਾ। ਜੌਹਰੀ ਹੁਣ ਕਿਹੜੇ ਪਤਾਲ ’ਚੋਂ ਲੱਭੀਏ। ਮਹੇਸ਼ਵਰੀ ਜੀ, ਦੁਨੀਆਂ ਰੰਗ-ਬਿਰੰਗੀ, ਫਿਕਰ ਛੱਡੋ, ਅੱਗੇ ਵਧੋ। ਪੂਰਾ ਪੰਜਾਬ ਥੋਡਾ ਸ਼ੁਦਾਈ ਐ।
‘ਖਾਲੀ ਗੱਲਾਂ ਨਾਲ ਚੌਲ ਨਹੀਂ ਰਿੱਝਦੇ’। ਬਠਿੰਡੇ ’ਚ ਚੁੱਲ੍ਹਾ ਤਪਿਆ। ਬੇਵਕੂਫਾਂ ਤੋਂ ਝੱਲ ਨਾ ਹੋਇਆ। ਨਹੀਂ ਪਾਉਂਦੇ ਬੁਝਾਰਤਾਂ। ਲਓ ਸੁਣੋ ਜੱਗ ਬੀਤੀ। ਜਨਾਬ ਨੂੰ ਬੱਚਾ-ਬੱਚਾ ਜਾਣਦੈ। ਨਾਮ ਡਾਕਟਰ ਰਮੇਸ਼ ਕੁਮਾਰ ਮਹੇਸ਼ਵਰੀ। ਜ਼ਿਲ੍ਹਾ ਸਿਹਤ ਅਫ਼ਸਰ ਲੱਗਿਐ ਬਠਿੰਡੇ। ਅਲੋਕਾਰੀ ਸੋਚ, ਪ੍ਰਤਾਪੀ ਚਿਹਰਾ, ਵੱਡਾ ਮਿਸ਼ਨ। ਉਧਰ, ਭੁੱਚੋ ਵਾਲਾ ਵਿਨੋਦ ਕੁਮਾਰ, ਸਿਰੇ ਦਾ ਲੱਲੂ ਨਿਕਲਿਐ। ਤਾਹੀਂ ਮੂਰਖ ਹਲਦੀ ਦੇ ਨਮੂਨੇ ਭਰਵਾ ਬੈਠਾ। ‘ਗੱਲ ਸਹੇ ਦੀ ਨਹੀਂ, ਪਹੇ ਦੀ ਹੈ’। ਕਮਲਾ ਵਿਨੋਦ ਆਖਦੈ, ਮੈਂ ਤਾਂ ਪਹੇ ’ਤੇ ਚੱਲੂੰ।
ਵਿਨੋਦ ਕੁਮਾਰ ਦਾ ਭਰਾ ਸਤੀਸ਼। ਉਹ ਵੀ ਖੂਹ ਦਾ ਡੱਡੂ ਹੈ। ਸਤੀਸ਼ ਨੇ ਮਹੇਸ਼ਵਰੀ ਨੂੰ ਫੋਨ ਖੜਕਾ ਦਿੱਤਾ। ਅਖੇ ਭਰਾ ਦੀ ਹਲਦੀ ਦੇ ਨਮੂਨੇ ਕਾਹਤੋਂ ਭਰੇ। ਅੱਗਿਓਂ ਖੁਦ ਸੁਣੋ ‘ਮਹੇਸ਼ਵਰੀ ਪ੍ਰਵਚਨ’। ‘ਦੇਖੋ ਪਿਆਰੇ ਸਤੀਸ਼, ਸਾਡਾ ਇੱਕ ਸਿਸਟਮ ਬਣਿਐ। ਸਿਸਟਮ ਬਹੁਤਾ ਲੰਮਾ ਚੌੜਾ ਨਹੀਂ, ਬੱਸ ਮਹੀਨੇ ਦਾ ਆਹ ਸੌ ਦੋ ਸੌ ਵਾਲਾ। ਏਡੀ ਵੱਡੀ ਥੋਡੀ ਕਰਿਆਨੇ ਦੀ ਦੁਕਾਨ, ਭਲਾਂ 200 ਰੁਪਏ ਕਿੱਡੀ ਕੁ ਵੱਡੀ ਗੱਲ ਐ। ਜਦੋਂ ਬੰਦੇ ਸਿਸਟਮ ’ਚ ਨਹੀਂ ਪੈਂਦੇ ਤਾਂ ਨਮੂਨੇ ਭਰਨੇ ਪੈਂਦੇ ਨੇ। ਤੇਰਾ ਭਰਾ ‘ਨੌਨਸੈਂਸ’ ਐ, ਸਿਸਟਮ ਨਹੀਂ ਸਮਝਦਾ। ਜਦੋਂ ਪੰਜ ਸੱਤ ਬੰਦੇ ਸਿਸਟਮ ’ਚ ਨਹੀਂ ਪੈਂਦੇ, ਬਾਕੀ ਵੀ ਅੱਖਾਂ ਦਿਖਾਉਂਦੇ ਨੇ। ਇਵੇਂ ਪੂਰਾ ਸਿਸਟਮ ਖ਼ਰਾਬ ਹੁੰਦੈ।’
ਜੀਓ ਸੱਜਣ ਜੀਓ। ਖਰੀ ਤੇ ਸੱਚੀ ਦੇਸ਼ ਭਗਤੀ। ਕੋਈ ਜਨਾਬ ਤੋਂ ਸਿੱਖੇ। ‘ਤੁਸੀਂ ਮੈਨੂੰ ਦੋ ਸੌ ਦਿਓ, ਮੈਂ ਤੁਹਾਨੂੰ ਸਿਸਟਮ ਦਿਆਂਗਾ’। ਦਿਲ ਕਰਦੈ, ਜਨਾਬ ਤੋਂ ਸੌ ਜਾਨਾਂ ਵਾਰ ਦੇਵਾਂ। ਬਠਿੰਡਾ ਪੁਲੀਸ ਨੇ ਧਰੋਹ ਕਮਾਇਐ। ਮਹੇਸ਼ਵਰੀ ’ਤੇ ਕੇਸ ਦਰਜ ਕਰ ਦਿੱਤੈ। ਜਨਾਬ ਨੇ ‘ਦੱਦਾ ਨਹੀਂ ਪੜਿ੍ਹਆ, ਲੱਲਾ ਪੜਿ੍ਹਆ ਏ’। ਪਿਆਰੇ, ਦਿਲ ਹੌਲਾ ਨਾ ਕਰੋ। ਤੁਹਾਡੀ ਕੁਰਬਾਨੀ ਅਜਾਈਂ ਨਹੀਂ ਜਾਏਗੀ। ‘ਸਿਸਟਮ’ ਖਾਤਰ ਜੇਲ੍ਹ ਜਾਣਾ ਪਿਆ। ਪਿੱਛੇ ਨਾ ਹਟਣਾ, ਹੱਸ ਕੇ ਜਾਣਾ। ਡਾਕਟਰ ਤਾਂ ਹੁੰਦੇ ਹੀ ਰੱਬ ਦਾ ਰੂਪ ਨੇ। ਐ ਪਾਪੀ ਵਿਨੋਦ, ਤੂੰ ਭੁਗਤੇਂਗਾ ਇੱਕ ਦਿਨ। ਜਸਟਿਸ ਜਸਵੰਤ ਸਿੰਘ ਦਾ ਜੱਸ ਕਿਵੇਂ ਗਾਈਏ। ‘ਸਿਸਟਮ’ ’ਤੇ ਟਕੋਰ ਕੀਤੀ, ਅਖੇ ਸ਼ਾਰਕ ਮੱਛੀ ਨਾ ਬਣੋ। ਕੱਲ੍ਹ ਨੂੰ ਕੋਈ ਆਖੂ, ਬੰਦੇ ਬਣੋ, ਭਲਾ ਦੱਸੋ, ਫਿਰ ‘ਸਿਸਟਮ’ ਦਾ ਕੀ ਬਣੂ। ਅਖਾਣ ਅਟਪਟਾ ਨਾ ਲੱਗੇ, ‘ਮੂਤ ’ਚੋਂ ਮੱਛੀਆਂ ਭਾਲਣਾ’। ਮਹਾਨ ਡਾਕਟਰਾਂ ਨੂੰ ਪ੍ਰਣਾਮ। ਮਾਨਸਾ ’ਚ ਸੱਚਮੁੱਚ ਚਮਤਕਾਰ ਕੀਤੈ। ਮੂਤ ’ਚੋਂ ਕਿੰਨੀਆਂ ਮੱਛੀਆਂ ਲੱਭੀਆਂ, ਵਿਜੀਲੈਂਸ ਗਿਣਤੀ ਕਰਕੇ ਦੱਸੂ। ਡੋਪ ਟੈਸਟ ਦਾ ‘ਸਿਸਟਮ’ ਅਨੋਖਾ ਐ। ‘ਸਿਸਟਮ’ ’ਚ ਬੱਝੇ ਭਗਤ ਆਉਂਦੇ ਨੇ। ਦਸ ਹਜ਼ਾਰ ‘ਸਿਸਟਮ’ ਦੀ ਜੇਬ ’ਚ ਪਾਉਂਦੇ ਨੇ। ਘਰੋਂ ਕਿਸੇ ਬੱਚੇ ਦਾ ਪਿਸ਼ਾਬ ਲਿਆਉਂਦੇ ਨੇ। ਡੋਪ ਟੈਸਟ ਕਰਾਉਂਦੇ ਨੇ। ਲਾਇਸੈਂਸ ਅਸਲੇ ਦਾ ਬਣਾਉਂਦੇ ਨੇ।
ਐੱਸਐੱਸਪੀ (ਵਿਜੀਲੈਂਸ) ਦਾ ਢਿੱਡ ਪਤਾ ਨਹੀਂ ਕਿਉਂ ਦੁਖਿਐ। ‘ਸਿਸਟਮ’ ਦੇ ਰਾਖੇ ਫੜ ਲਏ। ਰੋਮਨ ਆਖਦੇ ਨੇ, ‘ਰੋਗ ਤੋਂ ਵੱਧ ਡਾਕਟਰ ਤੋਂ ਡਰੋਂ।’ ਪਰਮਜੀਤ ਸਿੰਘ ਵਿਰਕ ਕਾਹਤੋਂ ਨਹੀਂ ਡਰਦੇ। ਇਕੱਲੇ ਐੱਸਐੱਸਪੀ ਨਹੀਂ, ਕਵੀ ਵੀ ਚੰਗੇ ਨੇ। ਇੰਝ ਅਰਜ਼ ਕਰਦੇ ਨੇ, ‘ਅੱਜ ਕੱਲ੍ਹ ਸਾਰੇ ਚੋਰ ਸਿਆਣੇ, ਇਹੋ ਢੰਗ ਅਪਣਾ ਰਹੇ ਨੇ/ਚੋਰ ਤੇ ਕੁੱਤੀ ਦੋਵੇਂ ਰਲ ਕੇ, ਥਾਂ-ਥਾਂ ਲੁੱਟ ਮਚਾ ਰਹੇ ਨੇ।’ ਮਿਲਾਵਟ ਰੋਕਣ ਲਈ ਲਾਏ ਡਾਕਟਰ, ਕਿਹੜੇ ਰਾਹੇ ਪੈ ਨਿਕਲੇ। ਬਰਨਾਲੇ ਤੇ ਅੰਮ੍ਰਿਤਸਰ ਵਾਲੇ ਅਫ਼ਸਰ ਵੀ ਅਨਾੜੀ ਨਿਕਲੇ, ਕਾਬੂ ਆ ਗਏ।
ਜਦੋਂ ਗੱਦੀ ’ਤੇ ‘ਸਿਸਟਮ’ ਬੈਠ ਜਾਏ, ਉਦੋਂ ਇਮਾਨ ਬਣਵਾਸ ਕੱਟਦੈ। ਮੱਛੀ ਬਾਜ਼ਾਰ ’ਚ ਕਵਿਤਾ ਕੌਣ ਸੁਣਦੈ। ਸ਼ਾਰਕ ਮੱਛੀ ਵੱਡੀ ਐ, ਛੋਟੀ ਵਿਚਾਰੀ ਕੀ ਕਰੇ। ਪੰਜਾਬ ਮੱਛੀ ਵਾਂਗ ਤੜਫ ਰਿਹੈ। ਚੀਨੀ ਦਾਦੇ ਆਖਦੇ ਨੇ, ‘ਪੈਸੇ ਦਾ ਝਲਕਾਰਾ ਅੰਨ੍ਹੇ ਨੂੰ ਵੀ ਦੇਖਣ ਲਾ ਦਿੰਦੈ।’ ਪਤਾ ਨਹੀਂ, ਸਿਆਸਤਦਾਨ ਕਿਉਂ ਐਨਕਾਂ ਲਾਈ ਫਿਰਦੇ ਨੇ। ਵੱਢੀਖੋਰੀ ਖੂਨ ’ਚ ਏਨੀ ਰਚ ਗਈ। ਬਿਨਾਂ ਖੂਨ ਬਦਲੀ ਕੀਤੇ ਹੁਣ ਸਰਨਾ ਨਹੀਂ। ਮਰਜ਼ਾਂ ਹੱਡੀਂ ਬੈਠੀਆਂ ਨੇ। ਆਜ਼ਾਦੀ ਮਗਰੋਂ ਤਿੰਨ ਸਾਲਾਂ ’ਚ 230 ਵੱਢੀਖੋਰ ਗਜ਼ਟਿਡ ਅਫ਼ਸਰ ਫੜੇ ਗਏ ਸਨ। 1951-52 ’ਚ ਮਿਲਾਵਟੀ ਦੁੱਧ ਦੇ 3429 ਕੇਸ ਫੜੇ, ਜਿਨ੍ਹਾਂ ’ਚੋਂ 2096 ਨੂੰ ਸਜ਼ਾ ਹੋਈ।
ਅੱਜ ਨਮੂਨੇ ਤਾਂ ਭਰਦੇ ਨੇ, ਸਜ਼ਾ ਨਹੀਂ ਹੁੰਦੀ। ਅਮਰਿੰਦਰ ਸਰਕਾਰ ਵਧੇ ਫੁੱਲੇ। ‘ਸ਼ਾਰਕ ਮੱਛੀ’ ਬਾਗੋ-ਬਾਗ ਐ। ਖੂੰਡਾ ਗੁਆਚ ਗਿਐ, ਹਰ ਇੱਟ ’ਤੇ ਛੁਰੀਮਾਰ ਬੈਠੈ। ਦਸੌਂਧਾ ਸਿਓਂ ਨੂੰ ਨਾ ਚੜ੍ਹੀ ਦੀ ਐ, ਨਾ ਲੱਥੀ ਦੀ। ਕੱਛਾਂ ਵਜਾ ਰਿਹੈ, ਦੇਖਿਓ, ਸਰਕਾਰ ਬਣਾਵਾਂਗੇ। ਹਮਾਮ ’ਚ ਸਭ ਪ੍ਰਾਹੁਣੇ ਨੇ। ‘ਵਾਰਿਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ, ਕਿਹੜੇ-ਕਿਹੜੇ ਦਾ ਲਵਾਂ ਨਾਉਂ ਮੀਆਂ।’ ਪਟਵਾਰੀ, ਕਲਰਕ, ਜੇਈ, ਸਿਪਾਹੀ, ਹੌਲਦਾਰ। ਸਭ ਛੋਟੀ ਮੱਛੀ ਦੀ ਪ੍ਰਜਾਤੀ ’ਚ ਆਉਂਦੇ ਨੇ।
ਕੈਪਟਨ ਹਕੂਮਤ ’ਚ ਰੰਗੇ ਹੱਥੀ ਫੜੇ ਗਏ, ਕੇਵਲ 49 ਗਜ਼ਟਿਡ ਅਫਸਰ, ਨਾਨ ਗਜ਼ਟਿਡ 439। ਕਦੇ ਪੈਸੇ ਦਾ ਫੈਸ਼ਨ ਪੁਰਾਣਾ ਨਹੀਂ ਹੁੰਦਾ। ਸ਼ਾਰਕ ਮੱਛੀ ਸੰਦੂਕ ਦੀ ਰਾਖੀ ਬੈਠੀ ਹੈ। ਪੰਜਾਬ ਦੀ ਜਾਮਾ ਤਲਾਸ਼ੀ ਨਿੱਤ ਹੁੰਦੀ ਐ। ਬਾਬੇ ਨਾਨਕ ਦੀ ਕੌਣ ਸੁਣਦੇ, ‘ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ।’ ਧੰਨ ਉਹ ਵੀ ਡਾਕਟਰ ਨੇ ਜੋ ਕੋਵਿਡ ਖ਼ਿਲਾਫ਼ ਡਟੇ ਨੇ। ‘ਇੱਕ ਮੱਛੀ ਸਾਰਾ ਤਲਾਅ ਗੰਦਾ ਕਰ ਦਿੰਦੀ ਐ।’ ਬਲਦੇਵ ਸਰਾ ਨੂੰ ਕਿਤੇ ਢੋਈ ਨਹੀਂ ਮਿਲਣੀ। ਅਮਰਿੰਦਰ ਨੇ ਪਾਵਰਕੌਮ ਦਾ ਚੇਅਰਮੈਨ ਲਾਤਾ। ਸਿਆਣੇ ਮੰਤਰੀ ਨੇ ਸਰਾ ਨੂੰ ‘ਸਿਸਟਮ’ ਦਾ ਕਾਇਦਾ ਫੜਾ’ਤਾ। ਬਲਦੇਵ ਸਿਓਂ ਅੜ ਗਏ… ਅਖੇ ਏਹ ਸਿਸਟਮ ਨਹੀਂ ਚੱਲਣਾ। ਇਮਾਨ ਦਾ ਭੂਤ ਸਵਾਰ ਸੀ। ਮੰਤਰੀ ਦੇ ਗੁਮਾਸ਼ਤੇ ਉਦੋਂ ਭੰਗੜੇ ਪਾਉਣ ਲੱਗੇ ਜਦੋਂ ਸਰਾ ਦੀ ਛੁੱਟੀ ਕਰਤੀ। ਪਿਉ ਦਾ ਪੁੱਤ ਮੂਰਖ ਨਿਕਲਿਆ। ‘ਸਿਸਟਮ’ ਦਾ ਸਾਊ ਪੁੱਤ ਬਣਦਾ, ਹੁਣ ਕਿਰਾਏ ਦਾ ਘਰ ਨਾ ਵੇਖਣਾ ਪੈਂਦਾ। ਸਿਸਟਮ ਦਾ ਗੁਰ ਸਿੱਖਦਾ, ਪ੍ਰੀਤ ਪਾਉਂਦਾ। ਪੁੱਤ-ਪੋਤੇ ਮੌਜਾਂ ਲੁੱਟਦੇ।
ਬਿਨਾਂ ਮੰਗਿਆ ਮਸ਼ਵਰਾ ਹੈ। ਕੋਵਿਡ ਦੀ ਟੈਸਟਿੰਗ ਵਧਾਓ। ਪੰਜਾਬ ਦੇ ਸਮੁੱਚੇ ਸਰੀਰ ਦਾ ਟੈੱਸਟ ਕਰਾਓ। ਹਾਲੇ ਸਾਫ ਖੂਨ ਵਾਲੇ ਬਚੇ ਨੇ। ਚੀਨ ਤੇ ਭਾਰਤ ਇੱਕ ਗੱਲੋਂ ਸਕੇ ਨੇ। ਟਰਾਂਸਪੇਰੈਂਸੀ ਇੰਟਰਨੈਸ਼ਨਲ ਕੁਰੱਪਸ਼ਨ ਰਿਪੋਰਟ-2020 ’ਤੇ ਤੈਰਵੀਂ ਨਜ਼ਰ ਮਾਰੋ। ਕੁਰੱਪਸ਼ਨ ’ਚ ਦੋਵੇਂ ਮੁਲਕ 80ਵੇਂ ਨੰਬਰ ’ਤੇ ਹਨ। ਡੈਨਮਾਰਕ ਤੋਂ ਸਿੱਖ ਲਓ। ਇਮਾਨ ’ਚ ਪਹਿਲਾ ਨੰਬਰ ਐ। ਮੱਛੀ ਦਾ ਵੱਡਾ ਕਾਰੋਬਾਰੀ ਵੀ ਹੈ। ‘ਕਾਲੇ ਧਨ’ ਦਾ ਭਾਰਤ ’ਚ ਕਾਰੋਬਾਰ ਐ। ਬੇਈਮਾਨੀ ਦਾ ਝਾੜ ਕਦੇ ਘਟਿਆ ਨਹੀਂ। ਸਵਿਸ ਬੈਂਕ ਭਰੇ ਪਏ ਨੇ। ਲੱਗਦੈ ਡੈਨਮਾਰਕ ਤੋਂ ਲਿਆ ਕੇ ਪਿਉਂਦ ਚੜ੍ਹਾਉਣੀ ਪਊ। ਗੱਲ ਹੈ ਤਾਂ ਪੁਰਾਣੀ। ਰਾਮਪੁਰਾ ਫੂਲ ਦੇ ਇੱਕ ਐੱਸਡੀਓ ਨੇ ਟਿੱਬੇ ’ਤੇ ਮੱਛੀਆਂ ਚਾੜ੍ਹੀਆਂ ਸਨ। ਖੇਤੀ ਮੋਟਰਾਂ ਦੇ ਕੁਨੈਕਸ਼ਨ ਵੰਡ ਦਿੱਤੇ, ਟਿੱਬਿਆਂ ’ਤੇ ਮੱਛੀ ਫਾਰਮ ਦਿਖਾ ਕੇ।
ਕੇਹਾ ਯੁੱਗ ਹੈ, ਦਸ ਨਹੁੰਆਂ ਦੀ ਕਮਾਈ ਨੂੰ ਵਿਹਲ ਨਹੀਂ। ਹਰਾਮ ਦੀ ਕਮਾਈ ਜੌਗਿੰਗ ਕਰ ਰਹੀ ਹੈ। ਪੁਰਾਣੀ ਵੀ ਸੁਣੋ, ਇੰਦਰਾ ਗਾਂਧੀ ਦੀ ਹਕੂਮਤ ’ਚ ਤੇਲ ਦੀ ਕਿੱਲਤ ਹੋਈ। ਇੱਕ ਸੇਠ ਜਿਉਂਦੀ ਮਛਲੀ ਲੈ ਆਇਆ। ਤਲਣ ਬੈਠਣ ਲੱਗਾ। ਪਤਨੀ ਬੋਲੀ, ‘ਸਟੋਵ ’ਚ ਤੇਲ ਨਹੀਂ’। ਸੇਠ ਨੂੰ ਗੁੱਸਾ ਆਇਆ, ਖਿੜਕੀ ਖੋਲ੍ਹੀ, ਮੱਛੀ ਬਾਹਰ ਵਗਾਹ ਮਾਰੀ। ਮੱਛੀ ਸਮੁੰਦਰ ’ਚ ਗੋਤੇ ਖਾਣ ਲੱਗੀ। ਸਮੁੰਦਰ ਗੂੰਜ ਉੱਠਿਆ, ‘ਇੰਦਰਾ ਗਾਂਧੀ ਜ਼ਿੰਦਾਬਾਦ’।
ਸੁਨੀਲ ਜਾਖੜ ਆਖਦੇ ਨੇ, ਪੁਰਾਣੀ ਛੱਡੋ, ਨਵੀਂ ਸੁਣੋ। ਪੰਜ ਵਰ੍ਹੇ ਪਹਿਲਾਂ ਨਰਮੇ ਦੇ ਮਾਮਲੇ ’ਚ ਸਰਕਾਰ ਘਿਰੀ। ਵੱਡੇ ਬਾਦਲ ਨੇ ਖੇਤੀ ਚੀਫ਼ ਨੂੰ ਜਾਖੜ ਦੇ ਘਰ ਭੇਜਤਾ। ਚੀਫ਼ ਸਾਹਿਬ ਬੋਲੇ, ਜਾਖੜ ਸਾਹਿਬ ਤੁਸੀਂ ਹੁਕਮ ਕਰੋ। ‘ਆਇਆ ਹੁਕਮ ਲੈਣ ਸੀ, ਸ਼ਹਿਰ ’ਚੋਂ ਜਾਂਦਾ ਹੋਇਆ ਲੈ ਗਿਆ ਪੰਜ-ਪੰਜ ਹਜ਼ਾਰ।’ ਮਗਰੋਂ ਡੀਲਰ ਜਾਖੜ ਕੋਲ ਦੁਹੱਥੜ ਮਾਰਨ। ਜਾਖੜ ਨੇ ਬਾਦਲ ਨੂੰ ਉਲਾਂਭਾ ਦਿੱਤਾ, ‘ਥੋਡਾ ਚੀਫ਼ ਦੰਦ ਘਸਾਈ ਲੈ ਗਿਆ।’ ਛੱਜੂ ਰਾਮ ਕਚੀਚੀਆਂ ਵੱਟ ਰਿਹੈ। ਵੱਡਾ ਵਹਿਮ ਪਾਲੀ ਬੈਠਾ। ਅਖੇ ਰੱਸੇ ਨਾਲ ‘ਸਿਸਟਮ’ ਨੂੰ ਮਸ਼ਕਾਂ ਦੇਊ।