ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਦਿਨ ਪੁੱਗ ਗਏ ਹਨ ਅਤੇ ਪੰਜਾਬ ਦੇ ਲੋਕ ਹੁਣ ਸੁਖਬੀਰ ਬਾਦਲ ਨੂੰ ਮੂੰਹ ਨਹੀਂ ਲਾਉਣਗੇ।
ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਦੇ ਡਰੋਂ ਅਤੇ ਦਬਾਅ ਵਿਚ ਅਕਾਲੀ ਦਲ ਨੇ ਐੱਨਡੀਏ ’ਚੋਂ ਬਾਹਰ ਆਉਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਦੇ ਅੰਦਰੋਂ ਵੀ ਲੀਡਰ ਔਖੇ ਹਨ ਅਤੇ ਹੌਲੀ ਹੌਲੀ ਸੁਖਬੀਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਭ ਆਗੂ ਛੱਡ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸਮੇਂ ਦੀ ਮੰਗ ਕੀਤੀ ਗਈ ਸੀ ਪਰ ਹਾਲੇ ਪੱਤਰ ਦਾ ਜਵਾਬ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਕਿਸਾਨੀ ਮਸਲੇ ’ਤੇ ਪੂਰੀ ਤਰ੍ਹਾਂ ਕਿਸਾਨਾਂ ਨਾਲ ਹੈ।