ਜਗਮੋਹਨ ਸਿੰਘ
ਘਨੌਲੀ, 18 ਫਰਵਰੀ
ਗਾਇਕ ਕਲਾਕਾਰ ਤੇ ਅਦਾਕਾਰ ਜੱਸੀ ਜਸਰਾਜ ਨੇ ਅੱਜ ਘਨੌਲੀ ’ਚ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੇ ਹੱਕ ’ਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਘੁਲਾੜੀ ਵਿੱਚੋਂ ਗੰਨੇ ਦਾ ਜੂਸ ਕੱਢ ਕੇ ਛਿਲਕੇ ਨੂੰ ਲਾਂਭੇ ਸੁੱਟ ਦਿੰਦਾ ਹੈ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਨੇਤਾਵਾਂ ਤੋਂ ਮਤਲਬ ਕੱਢ ਕੇ ਉਨ੍ਹਾਂ ਨੂੰ ਲਾਂਭੇ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਸਣੇ ਅਮਰਜੀਤ ਸਿੰਘ ਸੰਦੋਆ, ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਸਿੰਘ ਖਹਿਰਾ ਤੇ ਹੋਰ ਨੇਤਾਵਾਂ ਨੂੰ ਮਤਲਬਪ੍ਰਸਤੀ ਲਈ ਪਾਰਟੀ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਦਿਖਾ ਕੇ ਚੋਣਾਂ ਲੜਨ ਲਈ ਮਜ਼ਬੂਰ ਕੀਤਾ, ਜਿਸ ਕਾਰਨ ਕਿਸਾਨ ਜਥੇਬੰਦੀਆਂ ਦੋਫਾੜ ਹੋ ਗਈਆਂ। ਉਨ੍ਹਾਂ ਕਿਹਾ ਕਿ ਜੇ ਕਿਸਾਨ ਚੋਣ ਮੈਦਾਨ ਵਿੱਚ ਨਾ ਕੁੱਦਦੇ ਤਾਂ ਸਾਰੀਆਂ ਪਾਰਟੀਆਂ ਨੇ ਵੋਟਾਂ ਲਈ ਕਿਸਾਨ ਨੇਤਾਵਾਂ ਕੋਲ ਝੋਲੀਆਂ ਅੱਡ ਕੇ ਪੁੱਜਣਾ ਸੀ, ਪਰ ਅੱਜ ਕਿਸਾਨ ਜਥੇਬੰਦੀਆਂ ਆਪਸ ’ਚ ਬਿਖਰੀਆਂ ਫਿਰਦੀਆਂ ਹਨ, ਜਿਸ ਲਈ ਕੇਜਰੀਵਾਲ ਹੀ ਮੁੱਖ ਕਸੂਰਵਾਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਵਾਲਾ ਬਟਨ ਦਬਾ ਕੇ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਨੂੰ ਕਾਮਯਾਬ ਕਰਨ। ਇਸ ਮੌਕੇ ਬੀ.ਜੇ.ਪੀ. ਦਿਹਾਤੀ ਮੰਡਲ ਦੇ ਪ੍ਰਧਾਨ ਪ੍ਰਿੰਸ ਕੌਸ਼ਿਕ, ਜਸਮੇਰ ਸਿੰਘ ਥਲੀ ਆਦਿ ਹਾਜ਼ਰ ਸਨ।