ਪੱਤਰ ਪ੍ਰੇਰਕ
ਤਰਨ ਤਾਰਨ, 18 ਜੁਲਾਈ
ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਅਤਿਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਲਾਂਸ ਨਾਇਕ ਸ਼ਹੀਦ ਵਰਿੰਦਰ ਸਿੰਘ ਦਾ ਅੱਜ ਉਸਦੇ ਜੱਦੀ ਪਿੰਡ ਗੋਹਲਵੜ੍ਹ ਵਿੱਚ ਸਸਕਾਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ, ਪੰਜਾਬ ਸਰਕਾਰ ਵੱਲੋਂ ਵਿਧਾਇਕ ਜਾਂ ਫਿਰ ਮੰਤਰੀ ਦੇ ਨਾ ਪਹੁੰਚਣ ਦੀ ਲੋਕਾਂ ਨੇ ਨਿਖੇਧੀ ਕੀਤੀ ਹੈ। ਸ਼ਹੀਦ ਲਾਂਸ ਨਾਇਕ ਵਰਿੰਦਰ ਸਿੰਘ ਦੀ ਦੇਹ ਫੌਜ ਦੇ ਜਵਾਨ ਲੈ ਕੇ ਆਏ ਤੇ ਪੂਰੇ ਸਨਮਾਨਾਂ ਨਾਲ ਉਸਦਾ ਸਸਕਾਰ ਕੀਤਾ ਗਿਆ। ਵਰਿੰਦਰ ਸਿੰਘ 18 ਜੂਨ ਨੂੰ ਹੀ ਛੁੱਟੀ ਕੱਟ ਕੇ ਡਿਊਟੀ ’ਤੇ ਪਰਤਿਆ ਸੀ। ਸ਼ਹੀਦ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਫੌਜ ਵਿੱਚ ਸਨ, ਵੱਡਾ ਲੜਕਾ ਫੌਜ ਵਿਚੋਂ ਸੇਵਾਮੁਕਤ ਹੋ ਚੁੱਕਿਆ ਹੈ ਅਤੇ ਵਰਿੰਦਰ ਸਿੰਘ ਫੌਜ ਵਿੱਚ ਨੌਕਰੀ ਕਰ ਰਿਹਾ ਸੀ। ਸ਼ਹੀਦ ਵਰਿੰਦਰ ਸਿੰਘ ਦੇ ਸਸਕਾਰ ਮੌਕੇ ਪਿਤਾ ਸਤਨਾਮ ਸਿੰਘ, ਸ਼ਹੀਦ ਦੀ ਪਤਨੀ ਸੰਦੀਪ ਕੌਰ ਅਤੇ 8 ਸਾਲ ਦੇ ਲੜਕੇ ਅਨਮੋਲਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਭਰਾ ਨਿਰਵੈਲ ਸਿੰਘ, ਚਾਚੇ ਪਰਮਜੀਤ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਨੇ ਕਿਸੇ ਸਰਕਾਰੀ ਅਧਿਕਾਰੀ ਜਾਂ ਫਿਰ ਵਿਧਾਇਕ ਆਦਿ ਦੇ ਨਾ ਪਹੁੰਚਣ ’ਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਸ਼ਹੀਦਾਂ ਦਾ ਸਨਮਾਨ ਕਰਨਾ ਯਕੀਨੀ ਬਣਾਇਆ ਜਾਵੇ।