ਚੰਡੀਗੜ: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬਾਰਦਾਨੇ ਬਾਰੇ ਕਿਹਾ ਕਿ ਕੋਰਨਾ ਅਤੇ ਪੱਛਮੀ ਬੰਗਾਲ ਵਿੱਚ ਚੋਣਾਂ ਕਾਰਨ ਬਹੁਤ ਸਾਰੀਆਂ ਜੂਟ ਮਿੱਲਾਂ ਬੰਦ ਹਨ, ਜਿਸ ਕਾਰਨ ਦੇਸ਼ ਭਰ ਵਿੱਚ ਬਾਰਦਾਨੇ ਦੀ ਕਿੱਲਤ ਹੈ। ਉਨ੍ਹਾਂ ਇਹ ਮੁੱਦਾ ਭਾਰਤ ਦੇ ਜੂਟ ਕਮਿਸ਼ਨਰ ਕੋਲ ਵੀ ਚੁੱਕਿਆ ਸੀ ਪਰ ਉਹ ਪੰਜਾਬ ਦੀ ਮਦਦ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਬਾਰਦਾਨੇ ਦੀ ਘਾਟ ਸੀ ਪਰ ਹੁਣ ਮਸਲਾ ਹੱਲ ਹੋ ਗਿਆ ਹੈ। ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਅੱਜ ਤਕ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਸਕੀਮ ਤਹਿਤ 2600 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ 54 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ’ਚੋਂ 50 ਲੱਖ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।