ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 14 ਮਈ
ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਅੱਜ ਕੋਟਕਪੂਰਾ ਤੋਂ ਲੈ ਕੇ ਫਰੀਦਕੋਟ ਤੱਕ ਰੋਡ ਸ਼ੋਅ ਕੀਤਾ। ਉਸ ਉਪਰੰਤ ਇੱਥੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਪਿਆਰਾ ਸਿੰਘ ਬੱਧਨੀ ਕਲਾਂ ਨੇ ਕਰਮਜੀਤ ਅਨਮੋਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਵਿਧਾਇਕ ਦਲਜੀਤ ਸਿੰਘ ਸੇਖੋਂ, ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਮਲਕੀਤ ਰੌਣੀ, ਬਲਕਾਰ ਸਿੱਧੂ, ਲਾਡੀ ਢੋਸ, ਅਮੋਲਕ ਸਿੰਘ, ਅਮਨਦੀਪ ਅਰੋੜਾ, ਸੁਖਜਿੰਦਰ ਕਾਉਣੀ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਫਰੀਦਕੋਟ ਪੁੱਜਣ ਤੋਂ ਪਹਿਲਾਂ ਕਰਮਜੀਤ ਅਨਮੋਲ ਨੇ ਕੋਟਕਪੂਰਾ ਦਾਣਾ ਮੰਡੀ ਵਿੱਚ ਇੱਕ ਚੋਣ ਰੈਲੀ ਕੀਤੀ ਅਤੇ ਇਸ ਉਪਰੰਤ ਫਰੀਦਕੋਟ ਤੱਕ ਰੋਡ ਸ਼ੋਅ ਕੀਤਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਫਰੀਦਕੋਟ ਦੀ ਅਨਾਜ ਮੰਡੀ ਵਿੱਚ ਵੀ ਇੱਕ ਰੈਲੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਫਰੀਦਕੋਟ ਵਿੱਚ ਉਦਯੋਗ ਲੈ ਕੇ ਆਉਣ ਦਾ ਵਾਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਮਗਰੋਂ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਦੇਸ਼ ਦੀ ਸੰਸਦ ਵਿੱਚ ਰੱਖਣਗੇ ਅਤੇ ਫਰੀਦਕੋਟ ਦੇ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਗੇ। ਕਰਮਜੀਤ ਭਾਰਤ ਦੇ ਨਾਲ-ਨਾਲ ਕੈਨੇਡਾ ਦਾ ਵੀ ਨਾਗਰਿਕ ਹੈ ਅਤੇ ਉਸ ਕੋਲ ਲਗਭਗ 15 ਕਰੋੜ ਰੁਪਏ ਦੀ ਜਾਇਦਾਦ ਹੈ।