* ਕਸ਼ਮੀਰ ਵਾਦੀਵਿੱਚ ਕੜਾਕੇ ਦੀ ਠੰਢ * ਡੱਲ ਸਮੇਤ ਪਾਣੀਆਂ ਵਾਲੀਆਂ ਹੋਰ ਥਾਵਾਂ ਜੰਮੀਆਂ
ਚੰਡੀਗੜ੍ਹ, 15 ਜਨਵਰੀ
ਪੰਜਾਬ ਅਤੇ ਹਰਿਆਣਾ ਸਮੇਤ ਪੂਰੇ ਉੱਤਰੀ ਭਾਰਤ ’ਚ ਠੰਢ ਦਾ ਕਹਿਰ ਜਾਰੀ ਹੈ। ਦੋਵੇਂ ਸੂਬਿਆਂ ’ਚ ਸੰਘਣੀ ਧੁੰਦ ਨੇ ਜਨ-ਜੀਵਨ ਲੀਹ ਤੋਂ ਉਤਾਰ ਦਿੱਤਾ ਹੈ। ਖ਼ਿੱਤੇ ’ਚ ਬਠਿੰਡਾ ਸਭ ਤੋਂ ਠੰਢਾ ਸ਼ਹਿਰ ਰਿਹਾ ਜਿਥੇ ਘੱਟੋ ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉਧਰ ਕਸ਼ਮੀਰ ਵਾਦੀ ’ਚ ਬਹੁਤੀਆਂ ਥਾਵਾਂ ’ਤੇ ਪਾਰਾ ਮਨਫ਼ੀ ਤੋਂ ਹੇਠਾਂ ਚੱਲ ਰਿਹਾ ਹੈ ਅਤੇ ਬਰਫ਼ੀਲੀਆਂ ਹਵਾਵਾਂ ਕਹਿਰ ਢਾਹ ਰਹੀਆਂ ਹਨ। ਡੱਲ ਝੀਲ ਸਮੇਤ ਹੋਰ ਪਾਣੀਆਂ ਵਾਲੀਆਂ ਥਾਵਾਂ ਜੰਮ ਗਈਆਂ ਹਨ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਤਾਪਮਾਨ 4.8, ਲੁਧਿਆਣਾ ’ਚ 6.8, ਪਟਿਆਲਾ ’ਚ 6.4, ਪਠਾਨਕੋਟ ’ਚ 7.8, ਆਦਮਪੁਰ ’ਚ 6.2, ਹਲਵਾਰਾ ’ਚ 5.7 ਅਤੇ ਗੁਰਦਾਸਪੁਰ ’ਚ 11.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ ਆਮ ਨਾਲੋਂ ਦੋ ਡਿਗਰੀ ਜ਼ਿਆਦਾ 7.2 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਬਾਲਾ ’ਚ 4.8, ਹਿਸਾਰ ’ਚ 5.5, ਕਰਨਾਲ ’ਚ 6.4, ਨਾਰਨੌਲ ’ਚ 6.3, ਰੋਹਤਕ ’ਚ 7.8, ਭਿਵਾਨੀ ’ਚ 7.6 ਅਤੇ ਸਿਰਸਾ ’ਚ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਹੋਇਆ। ਕੌਮੀ ਰਾਜਧਾਨੀ ਦਿੱਲੀ ’ਚ ਸ਼ੁੱਕਰਵਾਰ ਨੂੰ ਬੱਦਲਵਾਈ ਰਹੀ ਅਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਕੇ 6.7 ਡਿਗਰੀ ਸੈਲਸੀਅਸ ਰਿਹਾ। ਸ਼ਹਿਰ ’ਚ ਸ਼ਨਿਚਰਵਾਰ ਨੂੰ ਕਈ ਥਾਵਾਂ ’ਤੇ ਸੰਘਣੀ ਧੁੰਦ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੱਛਮੀ ਹਿਮਾਲਿਆ ਤੋਂ ਚੱਲ ਰਹੀਆਂ ਹਵਾਵਾਂ ਕਾਰਨ ਵੀਰਵਾਰ ਨੂੰ ਦਿੱਲੀ ਦਾ ਤਾਪਮਾਨ ਹੇਠਾਂ ਚਲਾ ਗਿਆ ਸੀ। ਉਧਰ ਦਿੱਲੀ ’ਚ ਹਵਾ ਗੁਣਵੱਤਾ ਦੇ ਪੱਧਰ ’ਚ ਵੀ ਨਿਘਾਰ ਆਇਆ ਹੈ। ਮੌਸਮ ਵਿਭਾਗ ਦੇ ਖੇਤਰੀ ਅਧਿਕਾਰੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਹਵਾ ਦੀ ਰਫ਼ਤਾਰ ਘੱਟਣ ਅਤੇ ਨਮੀ ਕਾਰਨ ਪ੍ਰਦੂਸ਼ਣ ਪੈਦਾ ਹੋ ਗਿਆ ਹੈ।
ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਮਨਫ਼ੀ 7.6 ਡਿਗਰੀ ਸੈਲਸੀਅਸ ਦਰਜ ਹੋਇਆ ਹੈ ਜੋ ਆਮ ਨਾਲੋਂ ਕਰੀਬ ਪੰਜ ਡਿਗਰੀ ਘੱਟ ਰਿਹਾ। ਪੂਰੀ ਵਾਦੀ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਡੱਲ ਝੀਲ ਦਾ ਪਾਣੀ ਠੰਢ ਕਾਰਨ ਜੰਮ ਗਿਆ ਹੈ। ਉਥੇ ਲੋਕਾਂ ਦੀ ਸੁਰੱਖਿਆ ਲਈ ਐੱਸਡੀਆਰਐੱਫ ਅਤੇ ਪੁਲੀਸ ਦਾ ਪਹਿਰਾ ਲੱਗਾ ਹੋਇਆ ਹੈ। ਘੱਟੋ ਘੱਟ ਤਾਪਮਾਨ ਕਾਰਨ ਪਾਣੀ ਦੀਆਂ ਪਾਈਪਾਂ ਜੰਮ ਗਈਆਂ ਹਨ ਅਤੇ ਕਈ ਸੜਕਾਂ ’ਤੇ ਬਰਫ਼ ਦੀ ਪਤਲੀ ਪਰਤ ਜੰਮੀ ਹੋਈ ਨਜ਼ਰ ਆ ਰਹੀ ਹੈ। -ਪੀਟੀਆਈ