ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 21 ਫਰਵਰੀ
ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਡਰਦਿਆਂ ਕੁਝ ਸਿਆਸੀ ਆਗੂਆਂ ਨੇ ਪੁਲੀਸ ਨੂੰ ਝਕਾਨੀ ਦੇ ਕੇ ਲੋਕਾਂ ਨੂੰ ਭਰਮਾਉਣ ਦਾ ਨਵਾਂ ਤਰੀਕਾ ਲੱਭਿਆ। ਇਸ ਤਹਿਤ ਠੇਕਿਆਂ ਤੋਂ ਸ਼ਰਾਬ ਲੈਣ ਜਾਂ ਕਰਿਆਨੇ ਦੀ ਦੁਕਾਨ ਤੋਂ ਕੋਈ ਹੋਰ ਸਾਮਾਨ ਲੈਣ ਲਈ ਵੱਖ-ਵੱਖ ਕੀਮਤਾਂ ਦੇ ਨੋਟ ਟੋਕਨ ਵਜੋਂ ਵਰਤੇ ਗਏ।
ਇਕੱਤਰ ਜਾਣਕਾਰੀ ਅਨੁਸਾਰ ਜਦੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪ੍ਰਸ਼ਾਸਨ ਨੇ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਅਤੇ ਰਾਸ਼ਨ ਆਦਿ ਵੰਡਣ ਵਾਲਿਆਂ ਵਿਰੁੱਧ ਸਖ਼ਤੀ ਕਰ ਦਿੱਤੀ ਤਾਂ ਉਮੀਦਵਾਰਾਂ ਦੇ ਸਮਰਥਕਾਂ ਨੇ ਬਦਲਵੇਂ ਢੰਗ ਲੱਭਣੇ ਸ਼ੁਰੂ ਕਰ ਦਿੱਤੇ। ਮੋਹਰਾਂ ਅਤੇ ਦਸਤਖਤਾਂ ਵਾਲੀਆਂ ਪਰਚੀਆਂ ਦੀ ਨਕਲ ਕੀਤੇ ਜਾਣ ਅਤੇ ਫੜੇ ਜਾਣ ਦੇ ਡਰੋਂ ਉਨ੍ਹਾਂ ਨੋਟਾਂ ਦੇ ਨੰਬਰ ਤੈਅ ਕਰ ਕੇ ਠੇਕਿਆਂ, ਕਰਿਆਨੇ ਵਾਲਿਆਂ ਅਤੇ ਢਾਬਿਆਂ ਦੇ ਮਾਲਕਾਂ ਨੂੰ ਨੋਟ ਕਰਵਾ ਦਿੱਤੇ। ਵੱਖ-ਵੱਖ ਕੀਮਤ ਦੇ ਨੋਟਾਂ ਨਾਲ ਵੱਖ-ਵੱਖ ਮੁੱਲ ਦੀਆਂ ਵਸਤਾਂ ਦੇਣ ਦਾ ਇਕਰਾਰ ਕਰ ਲਿਆ ਗਿਆ।
ਇੱਥੋਂ ਦੇ ਬਜਰੰਗ ਅਖਾੜਾ ਰੋਡ ਦੇ ਇੱਕ ਨੌਜਵਾਨ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵੋਟਾਂ ਤੋਂ ਦੋ ਦਿਨ ਪਹਿਲਾਂ ਇਕ ਖੇਤਰੀ ਪਾਰਟੀ ਦੇ ਉਮੀਦਵਾਰ ਦੇ ਦਫ਼ਤਰ ਇੰਚਾਰਜ ਨੇ ਆਪਣੇ ਆਗੂ ਲਈ ਵੋਟਾਂ ਮੰਗਣ ਦੇ ਬਹਾਨੇ ਉਸ ਨੂੰ ਘਰ ਬੁਲਾ ਲਿਆ। ਉਸ ਨੇ ਦੱਸਿਆ ਕਿ ਉਹ ਸਾਰੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਘੋਸ਼ਣਾ ਪੱਤਰਾਂ ਦੀ ਘੋਖ ਕਰ ਕੇ ਵੋਟ ਪਾਉਣਗੇ ਤਾਂ ਦਫ਼ਤਰ ਇੰਚਾਰਜ ਨੇ ਉਸ ਨੂੰ ਦਸ-ਦਸ ਦੇ ਦੋ ਨਵੇਂ ਨੋਟ ਫੜਾ ਦਿੱਤੇ ਅਤੇ ਦੱਸਿਆ ਕਿ ਇਹ ਦਸ ਦਾ ਇੱਕ ਨੋਟ ਇੱਕ ਖਾਸ ਠੇਕੇ ਤੋਂ ਸ਼ਰਾਬ ਦੀ ਪੇਟੀ ਲੈ ਕੇ ਦੇਵੇਗਾ। ਨੋਟ ਵਾਪਸ ਕਰਨ ਤੋਂ ਖ਼ਫ਼ਾ ਉਕਤ ਆਗੂ ਨੇ ਨੌਜਵਾਨ ਨੂੰ ਉਸ ਦੇ ਉਮੀਦਵਾਰ ਦੇ ਜਿੱਤਣ ਤੋਂ ਬਾਅਦ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ।