ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਮਾਰਚ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਅੱਜ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਿੰਡ ਕਾਹਨੂੰਵਾਨ ਵਿੱਚ ਹੋਏ ਨਾਜਾਇਜ਼ ਕਬਜ਼ੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਸੇ ਵੀ ਸਿਆਸੀ ਧਿਰ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਬਜ਼ਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਫਿਰ ਭਾਵੇਂ ਉਹ ਕਿਸੇ ਵੀ ਧਿਰ ਨਾਲ ਸਬੰਧਤ ਹੋਵੇ। ਪੰਚਾਇਤ ਮੰਤਰੀ ਨੇ ਦੱਸਿਆ ਕਿ ਪਿੰਡ ਕਾਹਨੂੰਵਾਨ ਵਿੱਚ ਪੰਚਾਇਤੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ੇ ਦੀ ਪੜਤਾਲ ਮਗਰੋਂ ਸਰਪੰਚ ਨੂੰ ਮੁਅੱਤਲ ਕੀਤਾ ਗਿਆ ਹੈ। ਬਾਜਵਾ ਨੇ ਮੰਨਿਆ ਕਿ ਪੰਚਾਇਤ ਅਫ਼ਸਰਾਂ ਨੂੰ ਪੁਰਾਣੇ ਸਮਿਆਂ ਵਿੱਚ ਗ਼ਲਤ ਆਦਤਾਂ ਪਈਆਂ ਹੋਈਆਂ ਹਨ।
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਇੱਕ ਸਵਾਲ ਦੇ ਜਵਾਬ ਵਿੱਚ ਪੰਚਾਇਤ ਮੰਤਰੀ ਨੇ ਦੱਸਿਆ ਕਿ ‘ਆਪ’ ਸਰਕਾਰ ਵੱਲੋਂ ਲੰਘੇ ਦੋ ਵਰ੍ਹਿਆਂ ਦੌਰਾਨ ਪਿੰਡਾਂ ਦੇ ਵਿਕਾਸ ਲਈ 640.25 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਵੇਕੀ ਗਰਾਟਾਂ ਵਜੋਂ 70.26 ਕਰੋੜ ਰੁਪਏ ਦੇ ਫੰਡ ਦਿੱਤੇ ਗਏ ਹਨ ਜਦੋਂ ਕਿ ਮਨਰੇਗਾ ਸਕੀਮ ਵਿੱਚ ਸਟੇਟ ਹਿੱਸੇਦਾਰੀ ਵਜੋਂ 243.27 ਕਰੋੜ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਟਲ ਫੇਅਰ ਮੱਦ ’ਚੋਂ 33.65 ਕਰੋੜ ਅਤੇ ਅਜੀਵਿਕਾ ਮਿਸ਼ਨ ਦੇ ਸਟੇਟ ਸ਼ੇਅਰ ਵਜੋਂ 49.15 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਹੋਸਟਲ ਦੀ ਮੁਰੰਮਤ ਸਾਲ 2013-14 ਵਿੱਚ ਕੀਤੀ ਗਈ ਸੀ ਅਤੇ ਹੁਣ ਉਹ ਮੁਰੰਮਤ ਵਾਸਤੇ ਨਵੀਂ ਤਜਵੀਜ਼ ਭੇਜਣਗੇ। ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਫਿਲੌਰ ਤੇ ਗੁਰਾਇਆ ਦੇ ਓਵਰਬ੍ਰਿਜ ਅਤੇ ਅੰਡਰਪਾਸ ਬਾਰੇ ਸਵਾਲ ਪੁੱਛਿਆ ਜਦੋਂ ਕਿ ਕੁੰਵਰ ਵਿਜੈ ਪ੍ਰਤਾਪ ਨੇ ਅੰਮ੍ਰਿਤਸਰ ਦੇ ਸੀਵਰੇਜ ਬਾਰੇ ਸਵਾਲ ਕੀਤੇ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਧਾਇਕ ਅਮਿਤ ਰਤਨ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਵਿੱਚ ਮੂੰਹ ਖੁਰ ਦੀ ਬਿਮਾਰੀ ਕਾਰਨ 159 ਪਸ਼ੂਆਂ ਦੀ ਮੌਤ ਹੋਈ ਹੈ ਅਤੇ ਇਸ ਮਾਮਲੇ ਵਿੱਚ ਚਾਰ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਸੰਗਰੂਰ-ਮਾਲੇਰਕੋਟਲਾ ਸੜਕ ਚਹੁੰ-ਮਾਰਗੀ ਬਣਾਉਣ ਦੀ ਕੋਈ ਤਜਵੀਜ਼ ਨਹੀਂ: ਹਰਭਜਨ ਸਿੰਘ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੰਗਰੂਰ-ਮਾਲੇਰਕੋਟਲਾ ਸੜਕ ਨੂੰ ਚਹੁੰ-ਮਾਰਗੀ ਬਣਾਉਣ ਦੀ ਕੋਈ ਤਜਵੀਜ਼ ਨਹੀਂ ਹੈ ਪਰ ਸਰਕਾਰ ਨੇ ਇਸ ਸੜਕ ਦੀ ਮੁਰੰਮਤ ਵਾਸਤੇ 24 ਜਨਵਰੀ ਨੂੰ ਹੀ ਫੰਡ ਅਲਾਟ ਕਰ ਦਿੱਤੇ ਹਨ। ਡਾ. ਚਰਨਜੀਤ ਸਿੰਘ ਨੇ ਚੌਕੀਦਾਰਾਂ ਦਾ ਮਾਣਭੱਤਾ ਵਧਾਉਣ ਦਾ ਸਵਾਲ ਰੱਖਿਆ, ਜਿਸ ਦੇ ਜਵਾਬ ਵਿੱਚ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਚੌਕੀਦਾਰਾਂ ਵੱਲੋਂ ਆਪਣਾ ਮਾਣ ਭੱਤਾ 1250 ਰੁਪਏ ਪ੍ਰਤੀ ਮਹੀਨਾ ਤੋਂ ਵਧਾਏ ਜਾਣ ਬਾਰੇ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਹੋਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰਪ੍ਰੀਤ ਬਣਾਂਵਾਲੀ ਦੇ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਮਿੱਡ-ਡੇਅ ਮੀਲ ਵਰਕਰਾਂ ਦਾ ਮਾਣ-ਭੱਤਾ ਵਧਾਏ ਜਾਣ ਦਾ ਮਾਮਲਾ ਵਿਚਾਰਅਧੀਨ ਨਹੀਂ ਹੈ।
ਪੁਰਾਣੇ ਨੀਂਹ ਪੱਥਰਾਂ ਦਾ ਰਿਕਾਰਡ ਨਹੀਂ ਲੱਭ ਰਿਹਾ: ਸਿਹਤ ਮੰਤਰੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਰੁਣਾ ਚੌਧਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਸਮੇਂ ਰੱਖੇ ਨੀਂਹ ਪੱਥਰਾਂ ਦਾ ਕੋਈ ਰਿਕਾਰਡ ਹੀ ਨਹੀਂ ਲੱਭ ਰਿਹਾ ਹੈ। ਇਸ ਦੀ ਪੁਸ਼ਟੀ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਵਿੱਚ ਟਰੌਮਾ ਸੈਂਟਰ ਦੇ ਰੱਖੇ ਨੀਂਹ ਪੱਥਰ ਦੇ ਹਵਾਲੇ ਨਾਲ ਕੀਤੀ। ਸਿਹਤ ਮੰਤਰੀ ਨੇ ਦੱਸਿਆ ਕਿ ਆਬਾਦੀ ਥੋੜ੍ਹੀ ਹੋਣ ਕਰ ਕੇ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਨੂੰ ਸਬ- ਡਿਵੀਜ਼ਨਲ ਹਸਪਤਾਲ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ।