ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜੁਲਾਈ
ਡਾ. ਵਿਵੇਕ ਬਿੰਦਰਾ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਰੂਪ ਵਿੱਚ ਪੇਸ਼ ਕਰਨ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਡਾ. ਬਿੰਦਰਾ ਵਿਰੁੱਧ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਸਰਗਰਮ ਡਾ. ਵਿਵੇਕ ਬਿੰਦਰਾ ਨੇ ਗੁਰੂ ਗੋਬਿੰਦ ਸਿੰਘ ਤੇ ਦੀਵਾਨ ਟੋਡਰ ਮੱਲ ਬਾਰੇ ਇੱਕ ਐਨੀਮੇਸ਼ਨ ਵੀਡੀਓ ਬਣਾਈ ਸੀ, ਜਿਸ ਸਬੰਧੀ ਸ਼੍ਰੋਮਣੀ ਕਮੇਟੀ ਕੋਲ ਸੰਗਤ ਦੇ ਇਤਰਾਜ਼ ਪੁੱਜੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਡਾ. ਬਿੰਦਰਾ ਨੇ ਇਸ ਵੀਡੀਓ ਵਿੱਚ ਇਤਿਹਾਸ ਨੂੰ ਵੀ ਗਲਤ ਪੇਸ਼ ਕੀਤਾ ਹੈ। ਇਸ ਮਾਮਲੇ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੋਟਿਸ ਲੈਂਦਿਆ ਬਿੰਦਰਾ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਹਿਤ ਸਬੰਧਤ ਵਿਅਕਤੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਅੰਮ੍ਰਿਤ ਸਰੋਵਰ ਪ੍ਰਾਜੈਕਟ ਦੇ ਨਾਂ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼
ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਪਿੰਡਾਂ ਅੰਦਰ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ ਅੰਮ੍ਰਿਤ ਸਰੋਵਰ ਪ੍ਰਾਜੈਕਟ ਦੇ ਨਾਂ ਬਾਰੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਇਸ ਦਾ ਨਾਂ ਬਦਲਣ ਦੀ ਅਪੀਲ ਕੀਤੀ ਹੈ। ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਬਰਸਾਤੀ ਪਾਣੀ ਦੀ ਸੰਭਾਲ ਲਈ ਟੋਭੇ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਨਾਂ ਅੰਮ੍ਰਿਤ ਸਰੋਵਰ ਰੱਖਿਆ ਗਿਆ ਹੈ। ਇਹ ਨਾਂ ਸਿੱਖ ਇਤਿਹਾਸ ਤੇ ਰਿਵਾਇਤਾਂ ਨਾਲ ਮੇਲ ਖਾਂਦਾ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟ ਕਰਦਿਆਂ ਭਾਰਤ ਦੇ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੂੰ ਪੱਤਰ ਲਿਖ ਕੇ ਪ੍ਰਾਜੈਕਟ ਦਾ ਨਾਂ ਬਦਲਣ ਲਈ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਸ ਪ੍ਰਾਜੈਕਟ ਤਹਿਤ ਤਿਆਰ ਕੀਤੇ ਜਾਣ ਵਾਲੇ ਟੋਭਿਆਂ ਦਾ ਨਾਂ ਤੁਰੰਤ ਬਦਲਿਆ ਜਾਵੇੇ।