ਪੱਤਰ ਪ੍ਰੇਰਕ
ਮਾਨਸਾ, 15 ਦਸੰਬਰ
ਇੱਥੇ ਰੇਲਵੇ ਸਟੇਸ਼ਨ ਅੱਗੇ 445 ਦਿਨਾਂ ਤੋਂ ਚੱਲ ਰਿਹਾ ਧਰਨਾ ਖ਼ਤਮ ਕਰਵਾਉਣ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰੀ ਹਕੂਮਤ ਵਾਂਗ ਹੁਣ ਪੰਜਾਬ ਦੀ ਚੰਨੀ ਸਰਕਾਰ ’ਤੇ ਵੀ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਦਬਾਅ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਅੱਜ ਮਾਲਵੇ ’ਚੋਂ ਕਿਸਾਨੀ ਧਰਨਿਆਂ ਨੂੰ ਚੁੱਕ ਲਿਆ ਗਿਆ ਹੈ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਮੋਦੀ ਸਰਕਾਰ ਵਿਰੁੱਧ ਵਿੱਢੇ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਨਾ ਰੁਕਿਆ, ਨਾ ਝੁਕਿਆ ਅਤੇ ਨਾ ਹੀ ਵਿਕਿਆ, ਜਿਸ ਦੀ ਬਦੌਲਤ ਅੰਦੋਲਨ ਦੀ ਲਾ-ਮਿਸਾਲ ਜਿੱਤ ਹੋਈ ਹੈ। ਇਸ ਜਿੱਤ ਵਿੱਚ ਹਰ ਵਰਗ ਦਾ ਅਹਿਮ ਰੋਲ ਰਿਹਾ।