ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਸਤੰਬਰ
ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਲਾਲ ਕਿਲੇ ਅਤੇ ਪੰਜਾਬ-ਹਰਿਆਣਾ ’ਚ ਸਰਕਾਰੀ ਇਮਾਰਤਾਂ ’ਤੇ ਖਾਲਿਸਤਾਨ ਦਾ ਝੰਡਾ ਝੁਲਾਉਣ ਲਈ ਡਾਲਰਾਂ ਦੀ ਪੇਸ਼ਕਸ਼ ਤੋਂ ਬਾਅਦ ਹੁਣ ਕਿਸਾਨਾਂ ਨੂੰ ਵੀ ਸੱਜਰੇ ਸੁਨੇਹੇ ਵਿੱਚ ਲੋਕ ਲੁਭਾਊ ਜਾਗ ਲਾਈ ਹੈ। ਇਸ ਤਹਿਤ ਕਿਸਾਨ ਖੁਦਕੁਸ਼ੀਆਂ ਨੂੰ ਕੌਮਾਂਤਰੀ ਮੁੱਦਾ ਬਣਾਉਣ ਲਈ 13 ਸਤੰਬਰ ਨੂੰ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਹੈ।
ਐੱਸਐੱਫਜੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਲਾਈਵ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਕਿਸਾਨ ਖੁਦਕੁਸ਼ੀਆਂ ਨੂੰ ਕੌਮਾਂਤਰੀ ਮੁੱਦਾ ਬਣਾਉਣ ਲਈ 13 ਸਤੰਬਰ ਨੂੰ ਪੰਜਾਬ ’ਚ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਬਠਿੰਡਾ ਦੇ ਕਿਸਾਨਾਂ ਨੂੰ ਕਿਹਾ ਕਿ 13 ਸਤੰਬਰ ਨੂੰ ਬਠਿੰਡਾ ਤੋਂ ਕਿਸਾਨ ਐਕਸਪ੍ਰੈਸ ਨਹੀਂ ਚੱਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਤਾਂ ਕਿਸਾਨਾਂ ਦੇ ਨਾਂ ’ਤੇ ਇਹ ਰੇਲ ਕਿਵੇਂ ਚੱਲ ਸਕਦੀ ਹੈ। ਉਨ੍ਹਾਂ ਅੰਮ੍ਰਿਤਸਰ ਤੋਂ ਸ਼ਤਾਬਦੀ, ਸ਼ਾਨ-ਏ-ਪੰਜਾਬ ਨੂੰ ਵੀ ਨਾ ਚੱਲਣ ਦਾ ਹੋਕਾ ਦਿੰਦਿਆਂ ਵੀਡੀਓ ’ਚ ਕਿਹਾ ਕਿ ਜਿਹੜੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਕਰਜ਼ਾ ਦੇ ਕਾਬਲ ਨਹੀਂ, ਉਨ੍ਹਾਂ ਨੂੰ ਐੱਸਐੱਫਜੇ 3 ਹਜ਼ਾਰ ਰੁਪਏ ਦੇਵੇਗੀ। ਇਸ ਸਬੰਧੀ ਫਾਰਮ ਮੰਗਵਾਉਣ ਲਈ ਉਨ੍ਹਾਂ ਵ੍ਹੱਟਸਐਪ ਨੰਬਰ ਵੀ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ੇ ਦੇ ਬੋਝ ਦੀ ਪੰਡ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਉਨ੍ਹਾਂ ਪੀਏਯੂ ਦੇ ਹਵਾਲੇ ਨਾਲ ਕਿਹਾ ਕਿ 2015 ਤੱਕ 16 ਹਜ਼ਾਰ ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਹੁਣ 2020 ਤੱਕ ਖੁਦਕੁਸ਼ੀਆਂ ਦੀ ਗਿਣਤੀ ਵਧ ਕੇ ਅੰਦਾਜ਼ਨ 20 ਹਜ਼ਾਰ ਹੋ ਚੁੱਕੀ ਹੈ। ਇਸ ਸਬੰਧੀ ਪੁਲੀਸ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਸੂਬੇ ’ਚ ਮੁੜ ਅਤਿਵਾਦ ਸੁਰਜੀਤ ਕਰਨ ਲਈ ਨੌਜਵਾਨਾਂ ਤੇ ਕਿਸਾਨਾਂ ਨੁੰ ਗੁਮਰਾਹ ਕਰ ਰਿਹਾ ਹੈ। ਐੱਸਐੱਫਜੇ ਨੂੰ ਲੋਕਾਂ ਦਾ ਹੁੰਗਰਾ ਨਹੀਂ ਮਿਲ ਰਿਹਾ, ਇਸੇ ਕਰ ਕੇ ਪੈਸਿਆਂ ਰਾਹੀਂ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ’ਚ 2007 ਵਿੱਚ ਸਥਾਪਤ ‘ਸਿੱਖਸ ਫਾਰ ਜਸਟਿਸ’ ਦਾ ਮੁੱਖ ਮਕਸਦ ਸਿੱਖਾਂ ਨਾਲ ਨਵੰਬਰ 1984 ਵਿੱਚ ਦਿੱਲੀ ਤੇ ਭਾਰਤ ਦੇ ਕੁਝ ਹੋਰ ਹਿੱਸਿਆਂ ’ਚ ਵਾਪਰੇ ਕਤਲੇਆਮ ਨੂੰ ਯੁਨਾਈਟਡ ਨੇਸ਼ਨ ਤੋਂ ‘ਸਿੱਖ ਜੈਨੋਸਾਈਡ’ (ਸਿੱਖ ਨਸਲਕੁਸ਼ੀ) ਵਜੋਂ ਮਾਨਤਾ ਦਿਵਾਉਣਾ ਸੀ। ਗੁਰਪਤਵੰਤ ਸਿੰਘ ਪੰਨੂ ਨੂੰ ਜਥੇਬੰਦੀ ਦਾ ਕਨੂੰਨੀ ਸਲਾਹਕਾਰ ਬਣਾਇਆ ਗਿਆ ਸੀ।