ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਸਤੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਮਾਲ ਪਟਵਾਰੀਆਂ/ਕਾਨੂੰਗੋ ਨੂੰ ਵੱਡੀ ਰਾਹਤ ਦਿੰਦੇ ਉਨ੍ਹਾਂ ਖ਼ਿਲਾਫ਼ ਪੁਲੀਸ ਕੇਸਾਂ ਵਿਚ ਕੋਈ ਵੀ ਕਾਰਵਾਈ ਬਗ਼ੈਰ ਵਿਭਾਗੀ ਪੜਤਾਲ ਤੋਂ ਨਾ ਕਰਨ ਲਈ ਹੁਕਮ ਜਾਰੀ ਕੀਤਾ ਹੈ। ਸੂਬੇ ਦੇ ਵਿਸ਼ੇਸ਼ ਸਕੱਤਰ ਮਾਲ ਕੇਸ਼ਵ ਹਿੰਗੋਨੀਆ ਵੱਲੋਂ 21 ਸਤੰਬਰ ਨੂੰ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੇ ਪੱਤਰ ਵਿੱਚ 20 ਸਾਲ ਪੁਰਾਣੇ 16 ਮਈ 2001 ਦੇ ਪੱਤਰ ਹਵਾਲੇ ਨਾਲ ਲਿਖਿਆ ਹੈ ਕਿ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਬਗ਼ੈਰ ਵਿਭਾਗੀ ਪੜਤਾਲ ਕੀਤੇ ਮਾਲ ਵਿਭਾਗ ਦੇ ਮਾਲ ਪਟਵਾਰੀਆਂ/ਕਾਨੂੰਗੋਆਂ ਵਿਰੁੱਧ ਪੁਲੀਸ ਕਾਰਵਾਈ ਨਾ ਕੀਤੀ ਜਾਵੇ ਪਰ ਪੁਲੀਸ ਅਧਿਕਾਰੀਆਂ ਵਲੋਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਕਿਸੇ ਵਿਅਕਤੀ ਦੀ ਸ਼ਿਕਾਇਤ ਉੱਤੇ ਜਿਲ੍ਹਾ ਮੈਜਿਸਟ੍ਰੇਟ ਜਾਂ ਸਮਰੱਥ ਮਾਲ ਅਧਿਕਾਰੀ ਦੀ ਰਾਇ ਹਾਸਲ ਕੀਤੇ ਬਗ਼ੈਰ ਮਾਲ ਪਟਵਾਰੀਆਂ/ਕਾਨੂੰਗੋਆਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਡੀਜੀਪੀ ਨੂੰ ਇਸ ਮਾਮਲੇ ਵਿੱਚ ਨਿੱਜੀ ਧਿਆਨ ਦਿੰਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਲੋਂ ਜਾਰੀ ਨਿਰਦੇਸਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇੱਕ ਮਾਲ ਅਧਿਕਾਰੀ ਨੇ ਦੱਸਿਆ ਕਿ ਹੁਣ ਸਿਰਫ਼ ਵਿਜੀਲੈਂਸ ਹੀ ਰੰਗੇ ਹੱਥੀਂ ਵੱਢੀ ਲੈਣ ਉੱਤੇ ਪਟਵਾਰੀ ਤੇ ਕਾਨੂੰਨਗੋ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ।
ਇਥੇ ਦੱਸਣਯੋਗ ਹੈ ਕਿ ਮਾਲ ਪਟਵਾਰੀ ਤੇ ਕਾਨੂੰਗੋ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ ਕਿ ਪੁਲੀਸ ਕੇਸਾਂ ਵਿੱਚ ਪਟਵਾਰੀਆਂ ਤੇ ਕਾਨੂੰਗੋ ਵਿਰੁੱਧ ਕੋਈ ਵੀ ਕਾਰਵਾਈ ਵਿਭਾਗ ਪੜਤਾਲ ਤੋਂ ਬਿਨਾਂ ਨਾ ਕੀਤੀ ਜਾਵੇ।