ਸੰਜੀਵ ਬੱਬੀ
ਚਮਕੌਰ ਸਾਹਿਬ, 23 ਅਗਸਤ
ਨੈਸ਼ਨਲ ਪੈਨਸ਼ਨ ਸਕੀਮ (ਐੱਨਪੀਐੱਸ) ਕਰਮਚਾਰੀਆਂ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਐਕਟ ਦੀਆਂ ਕਾਪੀਆਂ ਇੱਥੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਸਾੜ ਕੇ ਰੋਸ ਜ਼ਾਹਰ ਕੀਤਾ। ਮੁਲਾਜ਼ਮ ਆਗੂ ਧਰਮਿੰਦਰ ਸਿੰਘ ਭੰਗੂ, ਗੁਰਿੰਦਰਪਾਲ ਸਿੰਘ, ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਕੈਂਬੋ ਨੇ ਕਿਹਾ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ, ਜਿਸ ਕਾਰਨ ਜਿੱਥੇ ਕਿਸਾਨ ਲੜਾਈ ਲੜ ਰਹੇ ਹਨ, ਉੱਥੇ ਹੀ ਮੁਲਾਜ਼ਮ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰ ਰਹੇ ਹਨ। ਐੱਮਪੀ ਸਿੰਘ, ਇੰਦਰਜੀਤ ਸਿੰਘ ਅਤੇ ਰਵਿੰਦਰ ਰਵੀ ਨੇ ਕਿਹਾ ਕਿ ਸਰਕਾਰ ਨੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੋਂ ਪੈਨਸ਼ਨ ਦਾ ਹੱਕ ਖੋਹ ਕੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ। ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 29 ਅਗਸਤ ਨੂੰ ਲੁਧਿਆਣਾ ਵਿੱਚ ਸੂਬਾ ਪੱਧਰੀ ਵੰਗਾਰ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸੈਂਕੜੇ ਮੁਲਾਜ਼ਮ ਸ਼ਾਮਲ ਹੋਣਗੇ। ਇਸ ਮੌਕੇ ਰਾਜਵੀਰ ਸਿੰਘ, ਦਲੀਪ ਸਿੰਘ ਭੂਰੜੇ, ਹਰਭਜਨ ਸਿੰਘ, ਕਮਲਜੀਤ ਸਿੰਘ, ਜਤਿੰਦਰ ਕੁਮਾਰ, ਹਰਨੇਕ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਮਨਦੀਪ ਕੁਮਾਰ, ਦਵਿੰਦਰਪਾਲ ਸਿੰਘ ਅਤੇ ਮਨਜੀਤ ਸਿੰਘ ਹਾਜ਼ਰ ਸਨ।
ਖਮਾਣੋਂ (ਜਗਜੀਤ ਕੁਮਾਰ): ਖਮਾਣੋਂ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਐਕਟ ਦੀਆਂ ਕਾਪੀਆਂ ਸਾੜ ਕੇ ਐੱਨਪੀਐੱਸ ਮੁਲਾਜ਼ਮਾਂ ਨੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਜ਼ਿਲ੍ਹਾ ਕਨਵੀਨਰ ਸਤਨਾਮ ਸਿੰਘ, ਕੋ-ਕਨਵੀਨਰ ਲਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਰਾਜਿੰਦਰ ਸਿੰਘ, ਸੁਪਿੰਦਰ ਸਿੰਘ, ਪਵਨ ਕੁਮਾਰ ਹਾਜ਼ਰ ਸਨ।
ਅਮਲੋਹ (ਰਾਮ ਸਰਨ ਸੂਦ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਐੱਨ.ਪੀ.ਐੱਸ ਮੁਲਾਜ਼ਮਾਂ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ ਐਕਟ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਿਰ ਕੀਤਾ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਦਵਿੰਦਰ ਸਿੰਘ ਰਹਿਲ ਨੇ ਕਿਹਾ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ ਕਾਨੂੰਨ ਲੈ ਕੇ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰੇ। ਉਨ੍ਹਾਂ ਨੇ ਸਮੂਹ ਐੱਨ.ਪੀ.ਐੱਸ ਕਰਮਚਾਰੀਆਂ ਨੂੰ 29 ਅਗਸਤ ਨੂੰ ਲੁਧਿਆਣਾ ਵੱਲ ਵਹੀਰਾਂ ਘੱਤਣ ਦੀ ਅਪੀਲ ਕੀਤੀ। ਇਸ ਮੌਕੇ ਦਲਵੀਰ ਸੰਧੂ, ਜਸਬੀਰ ਸਿੰਘ, ਧਰਮ ਸਿੰਘ, ਅਜੀਤ ਸਿੰਘ, ਕੁਲਵੰਤ ਸਿੰਘ ਹਾਜ਼ਰ ਸਨ।