ਗੁਰਚਰਨ ਸਿੰਘ ਕਾਹਲੋਂ
ਸਿਡਨੀ, 31 ਜਨਵਰੀ
ਆਸਟਰੇਲੀਆ ਦੇ ਪਰਵਾਸੀਆਂ ਨੇ ਕਿਸਾਨ ਅੰਦੋਲਨਕਾਰੀਆਂ ਦੀ ਪਿੱਠ ’ਤੇ ਆਉਂਦਿਆਂ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਨੂੰ ਖਦੇੜਨ ਲਈ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਘਟਨਾ ਮਗਰੋਂ ਦੀਪ ਸਿੱਧੂ ਵੱਲੋਂ ਲੋਕਾਂ ਨੂੰ ਸ਼ੋਸਲ ਮੀਡੀਆ ਰਾਹੀਂ ਕਥਿਤ ਤੌਰ ’ਤੇ ਉਕਸਾਉਣ ਨੂੰ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਉਸ ਦਾ ਫੇਸਬੁਕ ਪੇਜ ਬੰਦ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਘੇਸਲ ਵੱਟ ਰਿਹਾ ਹੈ।
ਬਲਿਹਾਰ ਸੰਧੂ, ਨਵਪ੍ਰੀਤ ਸਿੰਘ ਗਿੱਲ, ਸੁਰੇਸ਼ ਕੁਮਾਰ ਸ਼ਰਮਾ, ਰਾਜਿੰਦਰ ਠਾਕੁਰ ਅਤੇ ਹੋਰ ਪਰਵਾਸੀ ਭਾਰਤੀਆਂ ਨੇ ਕਿਹਾ ਕਿ ਐੱਨਆਰਆਈ ਭਾਈਚਾਰਾ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਹਰ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਹੈ। ਕਈਆਂ ਦੇ ਪਰਿਵਾਰਕ ਜੀਅ ਵੀ ਸਿੱਧੇ ਤੌਰ ’ਤੇ ਅੰਦੋਲਨ ਵਿੱਚ ਸ਼ਾਮਲ ਹਨ। ਉਹ ਆਪਣੇ ਪਰਿਵਾਰਿਕ ਮੈਂਬਰਾਂ ਤੇ ਉਨ੍ਹਾਂ ਦੇ ਹੱਕਾਂ ਦੀ ਸਲਾਮਤੀ ਲਈ ਅਰਦਾਸ ਕਰਦੇ ਹਨ। ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗਰੇਟ ਬ੍ਰਿਟੇਨ) ਦੇ ਆਗੂ ਦਲਵਿੰਦਰ ਅਟਵਾਲ ਤੇ ਜੀਤ ਜੱਸੜ ਨੇ ਕਿਹਾ ਕਿ ਸੁਰੱਖਿਆ ਬਲ ਤੇ ਫ਼ੌਜ ਵਿਦੇਸ਼ੀ ਤਾਕਤਾਂ ਤੋਂ ਰਾਖੀ ਲਈ ਸਰਹੱਦਾਂ ’ਤੇ ਤਾਇਨਾਤ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਵਰਤਿਆ ਜਾ ਰਿਹਾ ਹੈ।