ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਾਰਚ
ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਦੇ ਅੱਜ ਚਾਰ ਮਹੀਨੇ ਪੂਰੇ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਜਥੇਬੰਦੀਆਂ ਨੇ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਸੀ ਪਰ ਕੁਝ ਥਾਵਾਂ ’ਤੇ ਕਿਸਾਨਾਂ ਨੇ ਸਮੇਂ ਤੋਂ ਪਹਿਲਾਂ ਹੀ ਮੋਰਚੇ ਸੰਭਾਲ ਲਏ ਸਨ। ਨੌਜਵਾਨ ਵਾਹਨਾਂ ’ਤੇ ਸਵਾਰ ਹੋ ਕੇ ਬਾਜ਼ਾਰਾਂ ਵਿੱਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਕਿਸਾਨਾਂ ਨੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ। ਕੌਮੀ ਮਾਰਗਾਂ ’ਤੇ ਸਾਰਾ ਦਿਨ ਸੁੰਨ ਪਸਰੀ ਰਹੀ ਤੇ ਕੁਝ ਥਾਵਾਂ ’ਤੇ ਵਾਹਨਾਂ ਦੀਆਂ ਕਿਲੋ ਮੀਟਰਾਂ ਤੱਕ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਸਵੈਇੱਛਾ ਨਾਲ ਵਪਾਰੀਆਂ, ਰੇਹੜੀ-ਫੜ੍ਹੀ ਵਾਲਿਆਂ ਤੇ ਹੋਰਨਾਂ ਨੇ ਆਪੋ ਆਪਣੇ ਕਾਰੋਬਾਰ ਬੰਦ ਰੱਖੇ| ਬਰਨਾਲਾ ਰੇਲਵੇ ਸਟੇਸ਼ਨ ’ਤੇ ਅੱਜ ਸੁਵੱਖਤੇ ਇਕੱਠੇ ਹੋਏ ਜੁੁਝਾਰੂ ਕਾਫਲਿਆਂ ਦੀ ‘ਮੋਦੀ ਹਕੂਮਤ-ਮੁੁਰਦਾਬਾਦ’, ‘ਖੇਤੀ ਕਾਨੂੰਨ-ਰੱਦ ਕਰੋ’ ਦੀ ਗਰਜ ਸੁੁਣਾਈ ਦੇਣ ਲੱਗ ਪਈ ਸੀ| ਮਾਨਸਾ ਵਿੱਚ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਹਰਦੇਵ ਸਿੰਘ ਅਰਸ਼ੀ ਨੇ ਆਖਿਆ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚਿਆਂ ਨੂੰ ਅੱਜ 122 ਦਿਨ ਹੋ ਗਏ ਹਨ ਤੇ 300 ਤੋਂ ਵੱਧ ਕਿਸਾਨ, ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਆਪਣੀ ਅੜੀ ਛੱਡਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਲੋਕਾਂ ਦੀ ਜਿੱਤ ਹੋਵੇਗੀ। ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿੱਚ 24 ਥਾਵਾਂ ਉਪਰ ਕਿਸਾਨਾਂ ਵੱਲੋਂ ਰੇਲ ਦੀਆਂ ਪਟੜੀਆਂ ’ਤੇ ਧਰਨੇ ਦਿੱਤੇ ਗਏ ਪਰ ਬੰਦ ਦੌਰਾਨ ਕਿਧਰੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਅੰਮ੍ਰਿਤਸਰ ਵਿੱਚ ਦੁਕਾਨਾਂ, ਫੈਕਟਰੀਆਂ, ਕਾਰਖਾਨੇ, ਮਾਲ ਅਤੇ ਆਵਾਜਾਈ ਮੁਕੰਮਲ ਬੰਦ ਰਹੀ ਅਤੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੇਲ ਪਟੜੀਆਂ ’ਤੇ ਨੰਗੇ ਧੜ ਰੋਸ ਪ੍ਰਦਰਸ਼ਨ ਕੀਤਾ। ਜਲੰਧਰ ਸ਼ਹਿਰ ਦੇ ਸਾਰੇ ਬਾਜ਼ਾਰ ਤੇ ਵੱਡੇ ਵਪਾਰਕ ਅਦਾਰਿਆਂ ਸਮੇਤ ਸਮੂਹ ਕਾਰੋਬਾਰ ਬੰਦ ਰਿਹਾ। ਇੱਥੋਂ ਤੱਕ ਕਿ ਕੋਈ ਛੋਟੀ ਦੁਕਾਨ ਵੀ ਨਹੀਂ ਖੁੱਲ੍ਹੀ। ਕਿਤੇ ਵੀ ਜਬਰੀ ਦੁਕਾਨਾਂ ਬੰਦ ਨਹੀਂ ਕਰਵਾਈਆਂ ਗਈਆਂ ਸਗੋਂ ਲੋਕਾਂ ਵੱਲੋਂ ਆਪ ਮੁਹਾਰੇ ਬੰਦ ਦਾ ਸਮਰਥਨ ਕੀਤਾ ਗਿਆ। ਜਲੰਧਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸੇ ਦੌਰਾਨ ਰੇਲ ਗੱਡੀਆਂ ਵੀ ਸਮੇਂ ਸਿਰ ਨਾ ਪੁੱਜ ਸਕੀਆਂ ਜਿਸ ਕਾਰਨ ਸਵਾਰੀਆਂ ਨੂੰ ਖੁਆਰ ਹੋਣਾ ਪਿਆ। ਪਟਿਆਲਾ ਵਿਚ 50 ਥਾਵਾਂ ’ਤੇ ਕੇਂਦਰੀ ਹਕੂਮਤ ਖ਼ਿਲਾਫ਼ ਧਰਨੇ ਦਿੱਤੇ ਗਏ। ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ ’ਤੇ ਸਾਰਾ ਦਿਨ ਆਵਾਜਾਈ ਠੱਪ ਰਹੀ। ਬਠਿੰਡਾ ਵਿੱਚ ਸੜਕਾਂ ’ਤੇ ਆਵਾਜਾਈ ਠੱਪ ਰਹੀ ਅਤੇ ਬਾਜ਼ਾਰਾਂ ’ਚ ਪਸਰੀ ਸੁੰਨ ਕਾਰਨ ‘ਉੱਲੂ ਬੋਲਦੇ’ ਸਨ। ਸਿਹਤ ਸੇਵਾਵਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਬਾਕੀ ਕਾਰੋਬਾਰ ਠੱਪ ਰਹੇ। ਵਿਖਾਵਾਕਾਰੀਆਂ ਨੇ ਮੋਦੀ ਹਕੂਮਤ ’ਤੇ ਤਾਨਸ਼ਾਹ ਹੋਣ ਦਾ ਦੋਸ਼ ਲਾਉਂਦਿਆਂ ਖੇਤੀ ਕਾਨੂੰਨ ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ। ਲੁਧਿਆਣਾ ਵਿੱਚ ਸਵੇਰੇ ਕੁਝ ਇਲਾਕਿਆਂ ’ਚ ਦੁਕਾਨਾਂ ਖੁੱਲ੍ਹ ਗਈਆਂ ਸਨ, ਪਰ ਕਿਸਾਨ ਆਗੂਆਂ ਦੇ ਪੁੱਜਦੇ ਹੀ ਬੰਦ ਹੋ ਗਈਆਂ। ਇਥੇ ਫਿਰੋਜ਼ਪੁਰ ਰੋਡ, ਭਾਰਤ ਨਗਰ ਚੌਕ, ਸਮਰਾਲਾ ਚੌਕ ਤੇ ਲਾਡੋਵਾਲ ਵਿੱਚ ਕਿਸਾਨਾਂ ਨੇ ਟਰੈਕਟਰ ਵਿੱਚ ਲਾ ਕੇ ਰਸਤੇ ਬੰਦ ਕਰ ਦਿੱਤੇ। ਇਸ ਬੰਦ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਕਿਸਾਨ ਆਗੂਆਂ ਨੇ ਮੀਡੀਆ ਕਰਮੀ ਕੀਤੇ ਖੁਆਰ
ਚੰਡੀਗੜ੍ਹ : ‘ਭਾਰਤ ਬੰਦ’ ਦੌਰਾਨ ਅੱਜ ਮੀਡੀਆ ਕਰਮੀਆਂ ਨੂੰ ਖੱਜਲ ਹੋਣਾ ਪਿਆ ਜਿਸ ਕਰਕੇ ਪੱਤਰਕਾਰ ਭਾਈਚਾਰੇ ’ਚ ਰੋਸ ਹੈ। ਕਿਸਾਨ ਆਗੂਆਂ ਨੇ ਪਛਾਣ ਦੱਸਣ ਦੇ ਬਾਵਜੂਦ ਮੀਡੀਆ ਕਰਮੀਆਂ ਨੂੰ ਨਾਕਿਆਂ ਤੋਂ ਲੰਘਣ ਨਾ ਦਿੱਤਾ, ਜਿਸ ਕਰਕੇ ਉਹ ਆਪੋ ਆਪਣੀ ਡਿਊਟੀ ’ਤੇ ਵੇਲੇ ਸਿਰ ਪੁੱਜ ਨਾ ਸਕੇ। ਪਟਿਆਲਾ ਜ਼ਿਲ੍ਹੇ ’ਚੋਂ ਆਉਣ ਵਾਲੇ ਮੀਡੀਆ ਕਰਮੀਆਂ ਨੂੰ ਰਾਜਪੁਰਾ ਲਾਗੇ ਧਰਨੇ ’ਚੋਂ ਲੰਘਣ ਨਾ ਦਿੱਤਾ। ਇਸੇ ਦੌਰਾਨ ਬਨੂੜ ਤੇ ਜ਼ੀਰਕਪੁਰ ਲੱਗੇ ਧਰਨਿਆਂ ਵਿੱਚ ਵੀ ਰੋਕ ਕੇ ਰੱਖਿਆ ਗਿਆ। ਹਾਲਾਂਕਿ ਮੀਡੀਆ ਕਰਮੀਆਂ ਨੇ ਆਪਣੇ ਸ਼ਨਾਖ਼ਤੀ ਕਾਰਡ ਵੀ ਦਿਖਾਏ। ਚੰਡੀਗੜ੍ਹ ’ਚ ਵੱਖ ਵੱਖ ਅਖ਼ਬਾਰਾਂ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਮੀਡੀਆ ਕਰਮੀ ਪਟਿਆਲਾ, ਜ਼ੀਰਕਪੁਰ, ਖਰੜ ਅਤੇ ਰੋਪੜ ਆਦਿ ਸ਼ਹਿਰਾਂ ਤੋਂ ਰੋਜ਼ਾਨਾ ਆਉਂਦੇ ਹਨ ਜਿਨ੍ਹਾਂ ਨੂੰ ਅੱਜ ਦਫ਼ਤਰਾਂ ਵਿਚ ਪੁੱਜਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਹੁਤੇ ਮੀਡੀਆ ਕਰਮੀਆਂ ਨੂੰ ਕਈ ਕਈ ਘੰਟੇ ਰੋਕ ਕੇ ਰੱਖਿਆ ਗਿਆ। ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਮੁੱਖ ਆਗੂ ਦਿੱਲੀ ਮੋਰਚੇ ਵਿਚ ਹਨ ਅਤੇ ਪੰਜਾਬ ਵਿਚ ਕਈ ਥਾਵਾਂ ’ਤੇ ਅੱਜ ਨਵੇਂ ਆਗੂ ਅਗਵਾਈ ਕਰਦੇ ਸਨ, ਜਿਨ੍ਹਾਂ ਤੋਂ ਅਨਜਾਣੇ ਵਿਚ ਅਜਿਹਾ ਹੋਇਆ ਹੈ। ਹੋਰਨਾਂ ਥਾਵਾਂ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਣ ਵਾਲੀਆਂ ਸਿਖਲਾਈ ਮੀਟਿੰਗ ਵਿਚ ਨਵੇਂ ਆਗੂਆਂ ਨੂੰ ਵੀ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਉਣਗੇ ਤਾਂ ਜੋ ਭਵਿੱਖ ਵਿਚ ਕਿਸੇ ਮੀਡੀਆ ਕਰਮੀ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।