ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜੁਲਾਈ
ਇਤਿਹਾਸਕ ਜਲ੍ਹਿਆਂਵਾਲਾ ਬਾਗ ਵਿਚ ਚਲ ਰਹੀ ਨਵ ਉਸਾਰੀ ਅਤੇ ਕੰਮ ਦੌਰਾਨ ਲਾਈਆਂ ਗਈਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਜਲ੍ਹਿਆਂਵਾਲਾ ਬਾਗ ਦੇ ਬਾਹਰ ਬਣਾਏ ਗਏ ਦਾਖਲਾ ਟਿਕਟ ਢਾਂਚੇ ਨੂੰ ਡੇਗਣ ਦੀ ਮੰਗ ਸ਼ੁਰੂ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲ੍ਹਿਆਂਵਾਲਾ ਬਾਗ ਵਿਚ ਬਣਾਈ ਗਈ ਗੈਲਰੀ ਵਿਚ ਸਥਾਪਤ ਕੀਤੀਆਂ ਕੁਝ ਤਸਵੀਰਾਂ , ਜਿਨ੍ਹਾਂ ’ਤੇ ਸਖ਼ਤ ਇਤਰਾਜ ਕੀਤਾ ਗਿਆ ਹੈ, ਨੂੰ ਉਸਾਰੀਕਾਰਜ ਕਰ ਰਹੀ ਕੰਪਨੀ ਵਲੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਕੁਝ ਹੋਰ ਤਸਵੀਰਾਂ ਸਥਾਪਤ ਕੀਤੀਆਂ ਗਈਆਂ ਹਨ। ਇਹ ਮਾਮਲਾ ਭਖਣ ਮਗਰੋਂ ਐਸਡੀਐਮ ਵਿਕਾਸ ਹੀਰਾ ਨੇ ਬੀਤੀ ਸ਼ਾਮ ਹੀ ਜਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ ਸੀ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿਚ ਸਬੰਧਤ ਕੰਪਨੀ ਨੂੰ ਇਤਰਾਜ਼ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉੱਚ ਅਧਿਕਾਰੀ ਇਸ ਮਾਮਲੇ ਵਿਚ ਕਾਰਵਾਈ ਕਰ ਰਹੇ ਹਨ। ਇਹ ਸਮੁੱਚਾ ਕੰਮ ਇਥੇ ਭਾਰਤੀ ਪੁਰਾਤਤਵ ਵਿਭਾਗ ਦੀ ਨਿਗਰਾਨੀ ਹੇਠ ਕਰਾਇਆ ਜਾ ਰਿਹਾ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੀਤੀ ਰਾਤ ਹੀ ਇਤਰਾਜ਼ਯੋਗ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਸੀ।
ਇਸ ਦੌਰਾਨ ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ ਵਿਚ ਯਾਤਰੂਆਂ ਦੀ ਆਮਦ ’ਤੇ ਕੋਈ ਦਾਖਲਾ ਟਿਕਟ ਲਾਉਣ ਦਾ ਫੈਸਲਾ ਨਹੀਂ ਹੋਇਆ ਹੈ। ਉਸਾਰਿਆ ਗਿਆ ਢਾਂਚਾ ਸੁਰੱਖਿਆ ਕੰਮਾਂ ਲਈ ਵਰਤਿਆ ਜਾਵੇਗਾ।