ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੁਲਾਈ
ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਵ-ਉਸਾਰੀ ਦੇ ਕੰਮ ਦੌਰਾਨ ਲਾਈਆਂ ਗਈਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਜੱਲ੍ਹਿਆਂਵਾਲਾ ਬਾਗ਼ ਦੇ ਬਾਹਰ ਬਣਾਏ ਗਏ ਦਾਖ਼ਲਾ ਟਿਕਟ ਢਾਂਚੇ ਨੂੰ ਡੇਗਣ ਦੀ ਮੰਗ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਕ ਜੱਲ੍ਹਿਆਂਵਾਲਾ ਬਾਗ਼ ’ਚ ਬਣਾਈ ਗਈ ਗੈਲਰੀ ਵਿਚ ਸਥਾਪਤ ਕੀਤੀਆਂ ਕੁਝ ਤਸਵੀਰਾਂ, ਜਿਨ੍ਹਾਂ ’ਤੇ ਇਤਰਾਜ਼ ਕੀਤਾ ਗਿਆ ਹੈ, ਨੂੰ ਉਸਾਰੀ ਕਾਰਜ ਕਰ ਰਹੀ ਕੰਪਨੀ ਵੱਲੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਕੁਝ ਹੋਰ ਤਸਵੀਰਾਂ ਸਥਾਪਤ ਕੀਤੀਆਂ ਗਈਆਂ ਹਨ। ਮਾਮਲਾ ਭਖਣ ਮਗਰੋਂ ਐੱਸਡੀਐੱਮ ਵਿਕਾਸ ਹੀਰਾ ਨੇ ਬੀਤੀ ਸ਼ਾਮ ਹੀ ਦੌਰਾ ਕੀਤਾ ਸੀ। ਉਨ੍ਹਾਂ ਆਖਿਆ ਕਿ ਸਬੰਧਤ ਕੰਪਨੀ ਨੂੰ ਇਤਰਾਜ਼ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਉੱਚ ਅਧਿਕਾਰੀ ਮਾਮਲੇ ’ਚ ਕਾਰਵਾਈ ਕਰ ਰਹੇ ਹਨ। ਇਹ ਸਮੁੱਚਾ ਕੰਮ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਕਰਾਇਆ ਜਾ ਰਿਹਾ ਹੈ। ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਲੰਘੀ ਰਾਤ ਹੀ ਇਤਰਾਜ਼ਯੋਗ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ।
ਇਸ ਦੌਰਾਨ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜੱਲ੍ਹਿਆਂਵਾਲਾ ਬਾਗ਼ ਵਿਚੋਂ ਦਾਖ਼ਲਾ ਟਿਕਟ ਢਾਂਚੇ ਨੂੰ ਡੇਗਣ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਆਗੂਆਂ ਸੁਮੀਤ ਸਿੰਘ, ਜਸਪਾਲ ਬਾਸਰਕਾ ਤੇ ਐਡਵੋਕਟ ਅਮਰਜੀਤ ਬਾਈ ਨੇ ਆਖਿਆ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਦਾਖ਼ਲਾ ਟਿਕਟ ਦਾ ਵਿਰੋਧ ਕੀਤਾ ਜਾਵੇਗਾ।
ਟਿਕਟ ਲਾਊਣ ਬਾਰੇ ਕੋਈ ਫ਼ੈਸਲਾ ਨਹੀਂ
ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ’ਚ ਯਾਤਰੂਆਂ ਦੀ ਆਮਦ ’ਤੇ ਦਾਖ਼ਲਾ ਟਿਕਟ ਲਾਉਣ ਦਾ ਕੋਈ ਫ਼ੈਸਲਾ ਨਹੀਂ ਹੋਇਆ। ਉਸਾਰਿਆ ਗਿਆ ਢਾਂਚਾ ਸੁਰੱਖਿਆ ਕੰਮਾਂ ਲਈ ਵਰਤਿਆ ਜਾਵੇਗਾ। ਇਤਰਾਜ਼ਯੋਗ ਤਸਵੀਰਾਂ ਹਟਾਉਣ ਬਾਰੇ ਊਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਅਪੀਲ ਕਰਨਗੇ ਕਿ ਸ਼ਹੀਦੀ ਯਾਦਗਾਰ ਨੂੰ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਇਸ ਦਾ ਸਮੁੱਚਾ ਮੁਆਇਨਾ ਕੀਤਾ ਜਾਵੇ।
ਐੱਨਐੱਸਯੂਆਈ ਨੇ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਮੰਗੀ
ਚੰਡੀਗੜ੍ਹ (ਪੱਤਰ ਪ੍ਰੇਰਕ): ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਸ਼ਹੀਦਾਂ ਨੂੰ ਅਪਮਾਨਿਤ ਕਰਨ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਜਪਾ ਆਗੂ ਸ਼ਵੇਤ ਮਲਿਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ਼ ’ਚ ਤਸਵੀਰਾਂ ਦੇ ਮਾਮਲੇ ਦੀ ਜਾਂਚ ਮੰਗਦਿਆਂ ਕਿਹਾ ਕਿ ਇਸ ਅਨੈਤਿਕ ਕਾਰਜ ਲਈ ਸ਼ਵੇਤ ਮਲਿਕ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।