ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਦਸੰਬਰ
ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਡਰੇਨੇਜ ਤੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਮੀਨੀ ਹਕੀਕਤਾਂ ਜਾਨਣ ਲਈ ਵਿਧਾਇਕਾਂ ਨੂੰ ਨਾਲ ਲੈ ਕੇ ਆਪਣੇ ਇਲਾਕੇ ਦਾ ਦੌਰਾ ਕਰਨ। ਉਨ੍ਹਾਂ ਅੱਜ ਇੱਥੇ ਵਿਧਾਇਕਾਂ, ਜਲ ਸਰੋਤ ਵਿਭਾਗ ਅਧੀਨ ਡਰੇਨੇਜ ਅਤੇ ਨਹਿਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੂਬਾ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਕਰਨ ਸਬੰਧੀ ਢਿੱਲੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ।
ਮੀਟਿੰਗ ਵਿੱਚ ਵਿਧਾਇਕ ਗੁਰਲਾਲ ਘਨੌਰ, ਗੁੁਰਪ੍ਰੀਤ ਸਿੰਘ ਬਣਾਂਵਾਲੀ, ਕੁਲਵੰਤ ਸ਼ੁਤਰਾਣਾ, ਅਮਿਤ ਰਤਨ, ਜਗਸੀਰ ਸਿੰਘ, ਵਰਿੰਦਰ ਗੋਇਲ, ਕੁਲਜੀਤ ਰੰਧਾਵਾ ਅਤੇ ਲਾਭ ਸਿੰਘ ਉਗੋਕੋ ਸਣੇ ਮੁੱਖ ਇੰਜਨੀਅਰ ਹਰਦੀਪ ਸਿੰਘ ਮਹਿੰਦੀਰੱਤਾ, ਨਿਗਰਾਨ ਇੰਜਨੀਅਰ ਮਨੋਜ ਬਾਂਸਲ ਮੌਜੂਦ ਸਨ।
ਵਿਧਾਇਕਾਂ ਵੱਲੋਂ ਦਿੱਤੀ ਫੀਡਬੈਕ ਦੇ ਆਧਾਰ ’ਤੇ ਮੰਤਰੀ ਨੇ ਘੱਗਰ ਸਣੇ ਹੋਰ ਦਰਿਆਵਾਂ ਤੇ ਨਦੀਆਂ ਵਿੱਚ ਆਉਣ ਵਾਲੇ ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜ਼ਾਂ ’ਤੇ ਅਮਲ ਯਕੀਨੀ ਬਣਾਉਣ ਦੀ ਗੱਲ ਵੀ ਆਖੀ। ਉਨ੍ਹਾਂ ਨਹਿਰੀ ਵਿਭਾਗ ਦੇ ਸਾਰੇ ਰੈਸਟ ਹਾਊਸਾਂ ਦੀ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਵਾਉਣ ਦੀ ਤਾਕੀਦ ਕੀਤੀ।