ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਫਰਵਰੀ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਦਿਨੋ-ਦਿਨ ਹੋ ਰਹੇ ਵਾਧੇ ਖ਼ਿਲਾਫ਼ 24 ਫਰਵਰੀ ਨੂੰ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਥੇ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਿੱਤ ਦਿਹਾੜੇ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ। ਇਸੇ ਦੌਰਾਨ ਅਕਾਲੀ ਦਲ ਡੈਮੋਕ੍ਰੈਟਿਵ ਦੇ ਆਗੂਆਂ ਗੁਰਬਚਨ ਬਚੀ, ਨਾਹਰ ਸਿੰਘ ਮਾਜਰੀ, ਰਣਜੀਤ ਤਲਵੰਡੀ, ਹਰਜੀਤ ਕੌਰ ਤਲਵੰਡੀ, ਤੇਜਿੰਦਰਪਾਲ ਸੰਧੂ, ਗੁਰਮੀਤ ਜੌਹਲ, ਗੁਰਸੇਵ ਹਰਪਾਲਪੁਰ, ਤੇਜਿੰਦਰ ਸੰਘਰੇੜੀ, ਰਣਧੀਰ ਰੱਖੜਾ, ਰਣਧੀਰ ਸਮੂਰਾਂ, ਹਰਪਾਲ ਖਡਿਆਲ ਅਤੇ ਸਤਗੁਰ ਨਮੋਲ ਨੇ ਕਿਹਾ ਕਿ ਕੇਂਦਰੀ ਹਕੂਮਤ ਖ਼ਿਲਾਫ਼ ਹੁਣ ਪੈਟਰੇਲੀਅਮ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਮਗਰੋਂ ਲੋਕ ਰੋਹ ਪ੍ਰਚੰਡ ਹੋ ਰਿਹਾ ਹੈ।
ਲੋਕ ਮਾਰੂ ਸਿੱਧ ਹੋ ਚੁੱਕੀ ਹੈ ਮੋਦੀ ਸਰਕਾਰ: ਗੜ੍ਹੀ
ਰਾਜਪੁਰਾ (ਪੱਤਰ ਪ੍ਰੇਰਕ): ਰਾਜਪੁਰਾ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਪੈਟਰੋਲੀਅਮ ਕੀਮਤਾਂ ਵਿੱਚ ਹਰ ਰੋਜ਼ ਹੋ ਰਹੇ ਵਾਧੇ ਦੀ ਨਿਖੇਧੀ ਕੀਤੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਰਜੀਤ ਗੜ੍ਹੀ ਦਾ ਤਰਕ ਸੀ ਕਿ ਭਾਵੇਂ ਕਿ ਖੇਤੀ ਕਾਨੂੰਨ ਥੋਪਣ ਦੀ ਕਾਰਵਾਈ ਵੀ ਲੋਕ ਉਜਾੜੇ ਤੋਂ ਘੱਟ ਨਹੀਂ ਹੈ ਅਤੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਰਹਿੰਦੀ ਕਸਰ ਵੀ ਕੱਢ ਰਿਹਾ ਹੈ। ਗੜ੍ਹੀ ਨੇ ਕਿਹਾ ਕਿ ਇਨ੍ਹਾਂ ਲੋਕ ਮਾਰੂ ਕਾਰਵਾਈਆਂ ਸਬੰਧੀ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦਾ ਨਾਮ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।