ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਕਤੂਬਰ
ਇੱਥੇ ਫੋਕਲ ਪੁਆਇੰਟ ਫੇਜ਼-7 ਵਿੱਚ ਉਸਾਰੀ ਅਧੀਨ ਫੈਕਟਰੀ ਦੀ ਕੰਧ ਡਿੱਗਣ ਕਾਰਨ ਅੱਠ ਮਜ਼ਦੂਰ ਮਲਬੇ ਹੇਠ ਦਬ ਗਏ। ਇਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ, ਜਦੋਂਕਿ ਸੱਤ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੰਜ ਜਣਿਆਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ ਅਤੇ ਦੋ ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਦੂਜੇ ਪਾਸੇ ਸੂਚਨਾ ਮਿਲਣ ’ਤੇ ਪੁੱਜੀ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਮ੍ਰਿਤਕ ਮੁਹੰਮਦ ਮੋਸਿਨ ਆਲਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫੋਕਲ ਪੁਆਇੰਟ ਫੇਜ਼-7 ਵਿੱਚ ਉਸਾਰੀ ਅਧੀਨ ਫੈਕਟਰੀ ਵਿੱਚ 11 ਫੁੱਟ ਉੱਚੀ ਕੰਧ ਬਣਾਈ ਸੀ। ਅੱਜ ਕੰਧ ਦੀ ਸ਼ਟਰਿੰਗ ਖੋਲ੍ਹ ਕੇ ਪਲਸਤਰ ਕਰਨਾ ਸ਼ੁਰੂ ਕੀਤਾ ਤਾਂ ਅਚਾਨਕ ਕੰਧ ਡਿੱਗ ਗਈ। ਕੰਧ ਡਿੱਗਣ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਇਕੱਠੇ ਹੋ ਗਏ ਤੇ ਮਜ਼ੂਦਰਾਂ ਨੂੰ ਮਲਬੇ ’ਚੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਮੁਹੰਮਦ ਮੋਸੀਨ ਆਲਮ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਮੁਹੰਮਦ ਰਾਜਨ ਅਤੇ ਲਾਲੂ ਗੰਭੀਰ ਜ਼ਖ਼ਮੀ ਹੋ ਗਏ। ਬਾਕੀ ਪੰਜ ਮਜ਼ਦੂਰਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਹੈ। ਐੱਸਐੱਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।